ਚੰਡੀਗੜ੍ਹ: ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਡਟਣ ਦਾ ਸੱਦਾ ਦਿੱਤਾ ਹੈ। ਭੱਜੀ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਸ ਨੇ ਪੰਜਾਬੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਜਦੋਂ ਕੋਈ ਪੰਜਾਬ ਦੀ ਗੱਲ ਕਰਦਾ ਸੀ ਤਾਂ ਫ਼ਖ਼ਰ ਨਾਲ ਛਾਤੀ ਚੌੜੀ ਹੋ ਜਾਂਦੀ ਸੀ ਕਿਉਂਕਿ ਪੰਜਾਬ ਹਰ ਖੇਤਰ ’ਚ ਅੱਗੇ ਹੁੰਦਾ ਸੀ। ਅੱਜ ਜਦੋਂ ਕੋਈ ਪੰਜਾਬ ਦੀ ਗੱਲ ਕਰਦਾ ਹੈ ਤਾਂ ਨਾਲ ਇਹ ਵੀ ਕਹਿੰਦਾ ਹੈ ਕਿ ਪੰਜਾਬ ’ਚ ਨਸ਼ਾ ਬਹੁਤ ਵਧ ਗਿਆ ਹੈ ਤਾਂ ਬੜੀ ਨਿਰਾਸ਼ਾ ਹੁੰਦੀ ਹੈ। ਇਹ ਹਰ ਪੰਜਾਬੀ ਲਈ ਸ਼ਰਮ ਵਾਲੀ ਗੱਲ ਹੈ।

ਇਸ ਲਈ ਇਹ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਗੇ ਆਏ। ਉਹ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨਾਲ ਜੁੜ ਗਏ ਹਨ। ਪੰਜਾਬ ਸਰਕਾਰ ਨੇ ਭੱਜੀ ਦੀ ਇਸ ਵੀਡੀਓ ਨੂੰ ਸੂਬੇ ਭਰ ਵਿੱਚ ਜਾਰੀ ਕੀਤਾ ਹੈ।

ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਹੁਣ ਵੀ ਏਨੀ ਮਜ਼ਬੂਤ ਹੈ ਕਿ ਜੇ ਉਹ ਨਸ਼ਿਆਂ ’ਚ ਨਾ ਪਵੇ ਤਾਂ ਉਹ ਬੁਲੰਦੀਆਂ ਹਾਸਲ ਕਰ ਸਕਦੀ ਹੈ। ਹਰਭਜਨ ਨੇ ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ।