ਮੁੰਬਈ: ਭਾਰਤੀ ਆਫ ਸਪਿਨਰ ਹਰਭਜਨ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਬਿਜਲੀ ਦੇ ਬਿੱਲ ਬਾਰੇ ਟਵੀਟ ਕੀਤਾ ਹੈ। ਭੱਜੀ ਆਪਣੇ ਬਿਜਲੀ ਬਿੱਲ ਨੂੰ ਵੇਖ ਕੇ ਕਾਫ਼ੀ ਪ੍ਰੇਸ਼ਾਨ ਹਨ ਤੇ ਉਸ ਦੀ ਸ਼ਿਕਾਇਤ ਉਨ੍ਹਾਂ ਟਵਿੱਟਰ 'ਤੇ ਕੀਤੀ ਹੈ।


ਦਰਅਸਲ, ਮਹਾਰਾਸ਼ਟਰ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਲੋਕਾਂ ਦੇ ਘਰਾਂ ਦਾ ਬਿਜਲੀ ਬਿੱਲ ਬਹੁਤ ਜ਼ਿਆਦਾ ਆ ਰਿਹਾ ਹੈ। ਮਸ਼ਹੂਰ ਹਸਤੀਆਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੀਆਂ ਹਨ। ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਜਿਵੇਂ ਤਪਸੀ ਪਨੂੰ, ਹੁਮਾ ਕੁਰੈਸ਼ੀ ਨੇ ਵੀ ਵਧੇ ਬਿਜਲੀ ਬਿੱਲ ਬਾਰੇ ਟਵੀਟ ਕੀਤਾ ਸੀ। ਆਮ ਲੋਕਾਂ ਦੇ ਨਾਲ, ਮਸ਼ਹੂਰ ਹਸਤੀਆਂ ਨੇ ਸੋਸ਼ਲ ਮੀਡੀਆ 'ਤੇ ਸਬੰਧਤ ਬਿਜਲੀ ਕੰਪਨੀਆਂ ਖਿਲਾਫ ਇਤਰਾਜ਼ ਵੀ ਪੋਸਟ ਕੀਤਾ ਸੀ। ਹਰਭਜਨ ਸਿੰਘ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।



ਹਰਭਜਨ ਸਿੰਘ ਦੇ ਘਰ ਦਾ ਬਿਜਲੀ ਬਿੱਲ 33900.00 ਰੁਪਏ ਆਇਆ ਹੈ, ਜਿਸ ਨੂੰ ਵੇਖ ਕੇ ਉਹ ਕਾਫ਼ੀ ਹੈਰਾਨ ਹਨ। ਇਸ ਵਧੇ ਹੋਏ ਬਿੱਲ ਬਾਰੇ ਉਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ ਹੈ। ਭੱਜੀ ਨੇ ਟਵੀਟ ਵਿਚ ਲਿਖਿਆ- ਇੰਨਾ ਬਿੱਲ, ਕੀ ਪੂਰੇ ਮੁਹੱਲਾ ਦਾ ਲਾ ਦਿੱਤਾ? ਇਸ ਤੋਂ ਬਾਅਦ, ਉਸ ਨੇ ਆਪਣੇ ਬਿੱਲ ਦਾ ਮੈਸੇਜ ਜੋੜਿਆ ਅਤੇ ਫਿਰ ਲਿਖਿਆ- ਆਮ ਬਿੱਲ ਨਾਲੋਂ 7 ਗੁਣਾ ਵਧੇਰੇ ??? ਵਾਹ






ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ, ਭਾਰਤ ਵਿੱਚ ਕ੍ਰਿਕਟ ਦੀਆਂ ਸਾਰੀਆਂ ਗਤੀਵਿਧੀਆਂ ਰੁੱਕੀਆਂ ਪਈਆਂ ਸਨ।ਅਜਿਹੀ ਸਥਿਤੀ ਵਿੱਚ ਹਰਭਜਨ ਸਿੰਘ ਵੀ ਘਰ ਵਿੱਚ ਪਰਿਵਾਰ ਨਾਲ ਸਮਾਂ ਬਤੀਤ ਕਰ ਰਿਹਾ ਸੀ, ਪਰ ਹੁਣ ਭੱਜੀ ਬਾਕੀ ਕ੍ਰਿਕਟਰਾਂ ਨਾਲ ਵੀ ਮੈਦਾਨ ਵਿੱਚ ਨਜ਼ਰ ਆਉਣਗੇ। ਆਈਪੀਐਲ 2020 ਈਵੈਂਟ ਦਾ ਐਲਾਨ ਹੋ ਚੁੱਕਾ ਹੈ।ਟੂਰਨਾਮੈਂਟ, ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕੀਤਾ ਗਿਆ ਸੀ ਪਰ ਹੁਣ 19 ਸਤੰਬਰ ਤੋਂ 8 ਨਵੰਬਰ ਦੇ ਵਿਚਕਾਰ ਯੂਏਈ ਵਿੱਚ ਹੋਵੇਗਾ। ਹਰਭਜਨ ਸਿੰਘ ਆਈਪੀਐਲ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੀ ਟੀਮ ਦਾ ਹਿੱਸਾ ਹਨ।