ਮੈਚ ਦੌਰਾਨ ਹੀ ਸੌਂ ਗਏ ਰਵੀ ਸ਼ਾਸਤਰੀ, ਭੱਜੀ ਨੇ ਕੀਤੀ ਨੀਂਦ ਭੰਗ
ਏਬੀਪੀ ਸਾਂਝਾ | 03 Aug 2018 01:21 PM (IST)
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦਾ ਹੈੱਡ ਕੋਚ ਰਵੀ ਸ਼ਾਸਤਰੀ ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੇ ਟੈਸਟ ਮੈਚ ਦੀ ਓਪਨਿੰਗ ਵਾਲੇ ਦਿਨ ਮੈਚ ਦੌਰਾਨ ਹੀ ਸੌਂ ਗਏ। ਲੰਚ ਸੈਸ਼ਨ ਮਗਰੋਂ ਸ਼ਾਸਤਰੀ ਨੂੰ ਡ੍ਰੈਸਿੰਗ ਰੂਮ ਵਿੱਚ ਸੌਂਦੇ ਹੋਇਆਂ ਵੇਖਿਆ ਗਿਆ ਪਰ ਇਸੇ ਦੌਰਾਨ ਕਮੈਂਟਰੀ ਕਰ ਰਹੇ ਹਰਭਜਨ ਸਿੰਘ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਹਰਭਜਨ ਸਿੰਘ ਨੇ ਕਿਹਾ ਕਿ ਰਵੀ ਸ਼ਾਸਤਰੀ ਚੰਗੀ ਨੀਂਦ ਲੈ ਰਹੇ ਹਨ। ਉਸ ਨੇ ਰਵੀ ਨੂੰ ਉੱਠਣ ਲਈ ਕਿਹਾ ਤੇ ਸੰਜੈ ਨੂੰ ਕਿਹਾ ਕਿ ਉਹ ਉਸ ਦਾ ਮੈਸੇਜ਼ ਰਵੀ ਤਕ ਪਹੁੰਚਾਏ। ਹਰਭਜਨ ਨੇ ਇਹ ਗੱਲ ਭਾਰਤੀ ਟੀਮ ਦੇ ਅਸਿਸਟੈਂਟ ਕੋਚ ਸੰਜੇ ਬਾਂਗਰ, ਜੋ ਰਵੀ ਦੇ ਬਿਲਕੁਲ ਨਾਲ ਬੈਠੇ ਸੀ, ਦੇ ਕੰਨਾਂ ਵਿੱਚ ਈਅਰਫੋਨ ਜ਼ਰੀਏ ਕਹੀ। ਇਸ ਮਗਰੋਂ ਸ਼ਾਸਤਰੀ ਦੀ ਨੀਂਦ ਖੁੱਲ੍ਹੀ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਸਭ ਕੁਝ ਕੈਮਰੇ ਵਿੱਚ ਕੈਦ ਹੋ ਚੁੱਕਾ ਹੈ। ਰਵੀ ਸ਼ਾਸਤਰੀ ਨੂੰ ਮੈਚ ਦੇ 45ਵੇਂ ਓਵਰ ਵਿੱਚ ਸੌਂਦਿਆਂ ਫੜਿਆ ਗਿਆ ਜਦੋਂ ਉਹ ਰੂਟ ਤੇ ਬੇਅਰਸਟੋ ਬੱਲੇਬਾਜ਼ੀ ਕਰ ਰਹੇ ਸੀ। ਉਸ ਸਮੇਂ ਇੰਗਲੈਂਡ ਦੀ ਟੀਮ ਦਾ ਸਕੋਰ 134/3 ਸੀ। ਮੈਚ ਤੋਂ ਪਹਿਲਾਂ ਰਵੀ ਸ਼ਾਸਤਰੀ ਨੇ ਕਿਹਾ ਸੀ ਕਿ ਭਾਰਤ ਬਗੈਰ ਡਰ ਦੇ ਖੇਡੇਗਾ ਤੇ ਖਿਡਾਰੀ ਵੀ ਆਪਣੀ ਕੁਦਰਤੀ ਖੇਡ ਖੇਡਣਗੇ ਤੇ ਇਸ ਤੋਂ ਬਾਅਦ ਨਤੀਜੇ ਆਪਣੇ-ਆਪ ਦਿਖਣਗੇ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਹ ਜਿੱਤਣ ਲਈ ਖੇਡ ਰਹੇ ਹਨ। ਇੱਥੋਂ ਤਕ ਕਿ ਸੀਰੀਜ਼ ਵੀ ਜਿੱਤਣ ਲਈ ਹੀ ਖੇਡ ਰਹੇ ਹਨ।