ਭੁਵਨੇਸ਼ਵਰ: ਕਲਿੰਗਾ ਸਟੇਡੀਅਮ ਦੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਉਦਘਾਟਨੀ ਸਮਾਗਮ ਵਿੱਚ ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰਾ ਮਾਧੁਰੀ ਦਿਕਸ਼ਿਤ, ਅਦਾਕਾਰ ਸ਼ਾਹਰੁਖ਼ ਖ਼ਾਨ ਤੇ ਸੰਗੀਤਕਾਰ ਏਆਰ ਰਹਿਮਾਨ ਨੇ ਆਪਣੀਆਂ ਦਮਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਸੰਗੀਤਕਾਰ ਰਹਿਮਾਨ ਨੇ ਆਪਣੇ ਸਾਥੀਆਂ ਨਾਲ ਝਿਲਮਿਲ ਲਾਈਟਾਂ ਵਿੱਚ ‘ਜੈ ਹਿੰਦ ਜੈ ਇੰਡੀਆ’ ਗੀਤ ਨਾਲ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਮੇਜ਼ਬਾਨ ਉੜੀਸਾ ਦੇ ਮੁੱਖ ਮੰਤਰੀ ਨਵੀਲ ਪਟਨਾਇਕ ਨੇ ਮੰਚ ਤੋਂ ਹਾਕੀ ਵਿਸ਼ਵ ਕੱਪ ਦੇ ਉਦਘਾਟਨ ਦਾ ਐਲਾਨ ਕੀਤਾ। ਵਰਲਡ ਹਾਕੀ ਫੈਡਰੇਸ਼ਨ (ਐਫਆਈਐਚ) ਦੇ ਪ੍ਰਧਾਨ ਡਾ. ਨਰਿੰਦਰ ਬਤਰਾ ਨੇ ਇੰਨੇ ਵੱਡੇ ਪੱਧਰ ’ਤੇ ਸਮਾਗਮ ਕਰਾਉਣ ਲਈ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਵਾਰੀ-ਵਾਰੀ ਸਟੇਜ 'ਤੇ ਬੁਲਾਇਆ ਗਿਆ। ਇਨ੍ਹਾਂ ਸਾਰਿਆਂ ਨਾਲ ਇੱਕ-ਇੱਕ ਆਦਿਵਾਸੀ ਬੱਚਾ ਵੀ ਸੀ, ਜਿਸ ਨੇ ਹੱਥ ਵਿੱਚ ਹਾਕੀ ਫੜੀ ਹੋਈ ਸੀ।
ਕਪਤਾਨਾਂ ਦੇ ਆਉਣ ਬਾਅਦ ਸ਼ਾਹਰੁਖ਼ ਖ਼ਾਨ ਨੇ ਮੰਚ ’ਤੇ ਹਾਜ਼ਰੀ ਲਵਾਈ। ਕਿੰਗ ਖ਼ਾਨ ਨੇ ਸਾਰੀਆਂ 16 ਟੀਮਾਂ ਦੇ ਕਪਤਾਨਾਂ ਦੀ ਮੌਜੂਦਗੀ ਵਿੱਚ ਆਪਣੀ ਹਿੱਟ ਫਿਲਮ ‘ਚੱਕ ਦੇ ਇੰਡੀਆ’ ਦਾ ਮਕਬੂਲ ਡਾਇਲਾਗ ਬੋਲਿਆ ਜਿਸ ’ਤੇ ਦਰਸ਼ਕਾਂ ਨੇ ‘ਚੱਕ ਦੇ ਇੰਡੀਆ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਸ਼ਾਹਰੁਖ਼ ਦੇ ਸੰਬੋਧਨ ਬਾਅਦ ਬਾਲੀਵੁੱਡ ਅਦਾਕਾਰਾ ਮਾਧੁਰੀ ਨੇ ਆਪਣੀ ਪੇਸ਼ਕਸ਼ ਦਿੱਤੀ। ਉਸ ਦੇ ਨਾਲ ਲਗਪਗ ਹਜ਼ਾਰ ਕਲਾਕਾਰਾਂ ਨੇ ‘ਧਰਤੀ ਕਾ ਗੀਤ’ ਨ੍ਰਿਤ ਨਾਟਿਕਾ ਪੇਸ਼ ਕੀਤੀ। ਮਾਧੁਰੀ ਤੇ ਹੋਰ ਡਾਂਸਰਾਂ ਨਾਲ ਉੜੀਸਾ ਦੇ ਆਦਿਵਾਸੀਆਂ ਦੀ ਸੰਸਕ੍ਰਿਤੀ ਨੂੰ ਵੀ ਦਰਸਾਇਆ ਗਿਆ ਜਿਸ ਵਿੱਚ ਤਕਰੀਬਨ 800 ਸਕੂਲੀ ਬੱਚੇ ਵੀ ਸ਼ਾਮਲ ਕੀਤੇ ਗਏ।