ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੇ 'ਬਲੀਦਾਨ ਬੈਜ' ਨੇ ਪੁਆੜਾ ਖੜ੍ਹਾ ਕਰ ਦਿੱਤਾ ਹੈ। ਆਈਸੀਸੀ ਨੇ ਵੀ ਇਸ ਉੱਪਰ ਇਤਰਾਜ਼ ਜਤਾਇਆ ਹੈ। ਉਧਰ, ਧੋਨੀ ਨੂੰ 'ਬਲੀਦਾਨ ਬੈਜ ਵਿਵਾਦ' ਮਾਮਲੇ ਵਿੱਚ ਹੁਣ ਬੀਸੀਸੀਆਈ ਦਾ ਸਮਰਥਨ ਮਿਲ ਗਿਆ ਹੈ। ਬੀਸੀਸੀਆਈ ਨੇ ਕਿਹਾ ਹੈ ਕਿ ਇਸ ਨੂੰ ਫਿਲਹਾਲ ਹਟਾਉਣ ਦੀ ਕੋਈ ਲੋੜ ਨਹੀਂ। ਉਸ ਨੇ ਆਈਸੀਸੀ ਨੂੰ ਚਿੱਠੀ ਲਿਖ ਕੇ ਇਸ ਨੂੰ ਲੱਗੇ ਰਹਿਣ ਦੀ ਇਜਾਜ਼ਤ ਮੰਗੀ ਹੈ। ਦੱਸ ਦੇਈਏ ਆਈਸੀਸੀ ਨੇ ਧੋਨੀ ਦੇ ਦਸਤਾਨਿਆਂ 'ਤੇ ਲੱਗੇ ਫੌਜ ਦੇ ਬਲੀਦਾਨ ਬੈਜ 'ਤੇ ਸਵਾਲ ਚੁੱਕੇ ਸਨ।


ਦਰਅਸਲ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਧੋਨੀ ਨੇ ਜੋ ਦਸਤਾਨੇ ਪਾਏ ਸੀ, ਉਨ੍ਹਾਂ ਉੱਪਰ 'ਬਲੀਦਾਨ ਬੈਜ' ਬਣਿਆ ਹੋਇਆ ਸੀ। ਇਸ 'ਤੇ ਆਈਸੀਸੀ ਨੇ ਇਤਰਾਜ਼ ਜਤਾਇਆ ਸੀ ਤੇ ਬੀਸੀਸੀਆਈ ਨੂੰ ਇਸ ਨੂੰ ਹਟਾਉਣ ਦੀ ਅਪੀਲ ਕੀਤੀ ਸੀ।

ਇਸ ਤੋਂ ਬਾਅਦ ਇਸ ਮੁੱਦੇ 'ਤੇ ਬਹਿਸ ਛਿੜ ਗਈ। ਆਮ ਲੋਕਾਂ ਤੋਂ ਲੈ ਕੇ ਕ੍ਰਿਕੇਟ ਜਗਤ ਦੇ ਕਈ ਦਿੱਗਜਾਂ ਨੇ ਧੋਨੀ ਦਾ ਸਮਰਥਨ ਕੀਤਾ ਹੈ। ਬੀਸੀਸੀਆਈ ਦੀ ਪ੍ਰਸ਼ਾਸਨਿਕ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਉਹ ਆਪਣੇ ਖਿਡਾਰੀਆਂ ਦੇ ਨਾਲ ਖੜ੍ਹੇ ਹਨ। ਧੋਨੀ ਦੇ ਦਸਤਾਨੇ 'ਤੇ ਜੋ ਨਿਸ਼ਾਨ ਹੈ, ਉਹ ਕਿਸੇ ਧਰਮ ਦਾ ਪ੍ਰਤੀਕ ਨਹੀਂ ਕੇ ਨਾ ਹੀ ਕੋਈ ਇਸ਼ਤਿਹਾਰ ਹੈ।

ਰਾਏ ਨੇ ਕਿਹਾ ਕਿ ਜੇ ਦਸਤਾਨੇ 'ਤੇ ਬੈਜ ਬਣਵਾਉਣ ਲਈ ਪਹਿਲਾਂ ਤੋਂ ਮਨਜ਼ੂਰੀ ਲੈਣ ਦੀ ਗੱਲ ਹੈ ਤਾਂ ਉਹ ਇਸ ਲਈ ਆਈਸੀਸੀ ਨੂੰ ਦਸਤਾਨਿਆਂ ਦੇ ਇਸਤੇਮਾਲ ਲਈ ਅਪੀਲ ਕਰਨਗੇ। ਇਸ ਤੋਂ ਬਾਅਦ ਤੈਅ ਹੋਇਆ ਕਿ ਬੀਸੀਸੀਆਈ ਦੇ ਮੁੰਬਈ ਸਥਿਤ ਮੁੱਖ ਦਫ਼ਤਰ ਵਿੱਚ ਦੁਪਹਿਰ 12 ਵਜੇ ਬੈਠਕ ਹੋਏਗੀ, ਇਸ 'ਤੇ ਚਰਚਾ ਕੀਤੀ ਜਾਏਗੀ। ਹੁਣ ਬੈਠਕ ਮਗਰੋਂ ਬੀਸੀਸੀਆਈ ਨੇ ਧੋਨੀ ਦਾ ਸਮਰਥਨ ਕੀਤਾ ਹੈ।

ਇਸ ਮੁੱਦੇ 'ਤੇ ਫੌਜ ਦਾ ਵੀ ਬਿਆਨ ਆਇਆ ਹੈ। ਫੌਜ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਪੈਰਾ ਐਸਐਫ ਬੈਜ ਮੈਰੂਨ ਰੰਗ 'ਤੇ ਹੁੰਦਾ ਹੈ ਜਿਸ 'ਤੇ ਬਲੀਦਾਨ ਲਿਖਿਆ ਹੁੰਦਾ ਹੈ। ਇਸ ਲਈ ਇਹ ਕਹਿਣਾ ਗ਼ਲਤ ਹੋਏਗਾ ਕਿ ਧੋਨੀ ਨੇ 'ਬਲੀਦਾਨ' ਬੈਜ ਲਾਇਆ ਹੈ। ਫੌਜ ਮੁਤਾਬਕ ਧੋਨੀ ਦੇ ਬੈਜ ਨੂੰ ਪੈਰਾ ਐਸਐਫ ਬੈਜ ਨਹੀਂ ਕਿਹਾ ਜਾ ਸਕਦਾ।