ਸ਼ਿਮਲਾ: ਇੱਥੇ ਦੀ ਲੱਕੜ ਮਾਰਕਿਟ ‘ਚ ਦੇਰ ਰਾਤ ਕਰੀਬ 12:25 ਵਜੇ ਅੱਗ ਲੱਗ ਗਈ। ਇਸ ਕਾਰਨ ਜ਼ੋਰਦਾਰ ਧਮਾਕੇ ਵੀ ਹੋਏ। ਇਨ੍ਹਾਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਸਲ ਜਾਣਕਾਰੀ ਮੁਤਾਬਕ ਲੱਕੜ ਬਾਜ਼ਾਰ ਬੱਸ ਸਟੈਂਡ ਨੇੜੇ ਇੱਕ ਘਰ ‘ਚ ਅੱਗ ਲੱਗੀ ਹੈ ਜੋ ਕਾਫੀ ਸਾਲਾਂ ਤੋਂ ਬੰਧ ਪਿਆ ਸੀ। ਇਸ ਨੂੰ ਆਮ ਲੋਕਾਂ ਨੇ ਨਸ਼ੇ ਦਾ ਅੱਡਾ ਬਣਾ ਲਿਆ ਸੀ।
ਅੱਗ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਰ ਪਾਸੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਜਿਸ ਮਕਾਨ ਨੂੰ ਅੱਗ ਲੱਗੀ ਹੈ, ਉਹ ਛੇ ਮੰਜ਼ਲਾ ਸੀ ਤੇ ਹਾਦਸੇ ਸਮੇਂ ਇਸ ‘ਚ ਕੋਈ ਨਹੀਂ ਸੀ। ਅੱਗ ਲੱਗਣ ਤੋਂ ਬਾਅਦ ਘਰ ਢਹਿ-ਢੇਰੀ ਹੋ ਗਿਆ।
ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਸਟੇਸ਼ਨਾਂ ਤੋਂ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। 30 ਮੁਲਾਜ਼ਮਾਂ ਨੇ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ‘ਤੇ ਕਾਬੂ ਤਾਂ ਪਾ ਲਿਆ ਪਰ ਅੱਗ ਲੱਗਣ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਸਕਿਆ।