ਨਵੀਂ ਦਿੱਲੀ: ਭਾਰਤ ਨੇ ਇਜ਼ਰਾਈਲ ਨਾਲ 100 ਤੋਂ ਵੱਧ ਸਪਾਈਸ ਬੰਬ ਖਰੀਦਣ ਲਈ ਕਰਾਰ ਕੀਤਾ ਹੈ। ਇਸ ਰੱਖਿਆ ਖਰੀਦ ਵਿੱਚ ਕਰੀਬ 300 ਕਰੋੜ ਰੁਪਏ ਦੇ ਖ਼ਰਚੇ ਦਾ ਅੰਦਾਜ਼ਾ ਹੈ। ਦੱਸ ਦੇਈਏ ਇਹ ਬੰਬ ਸਪਾਈਸ-2000 ਦਾ ਐਡਵਾਂਸ ਵਰਸ਼ਨ ਹੈ, ਜੋ ਕਿ ਪਲਕ ਝਪਕਦਿਆਂ ਦੁਸ਼ਮਣ ਦੀਆਂ ਇਮਾਰਤਾਂ ਤੇ ਬੰਕਰ ਤਬਾਹ ਕਰ ਸਕਦਾ ਹੈ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੌਦਾ ਹੈ। ਭਾਰਤ ਇਜ਼ਰਾਈਲ ਦੀ ਰਾਫੇਲ ਕੰਪਨੀ ਤੋਂ ਸਪਾਈਸ ਬੰਬ ਖਰੀਦੇਗਾ। ਬੰਬ ਮਿਲਣ ਨਾਲ ਭਾਰਤੀ ਫੌਜ ਹੋਰ ਮਜ਼ਬੂਤ ਹੋਏਗੀ।


ਸੂਤਰਾਂ ਮੁਤਾਬਕ, ਭਾਰਤ ਹੰਗਾਮੀ ਖਰੀਦ ਦੇ ਤਹਿਤ ਇਜ਼ਰਾਈਲ ਤੋਂ ਸਪਾਈਸ ਬੰਬ ਮੰਗ ਰਿਹਾ ਹੈ ਤੇ ਤਿੰਨ ਮਹੀਨਿਆਂ ਵਿੱਚ ਇਨ੍ਹਾਂ ਦੀ ਡਿਲੀਵਰੀ ਕਰ ਦਿੱਤੀ ਜਾਏਗੀ। ਇੱਕ ਟਨ ਵਜ਼ਨੀ ਸਪਾਈਸ ਬੰਬ ਆਪਣੇ ਲਕਸ਼ 'ਤੇ ਬੇਹੱਦ ਸਟੀਕ ਮਾਰ ਕਰਨ ਵਾਲਾ ਸਮਾਰਟ ਬੰਬ ਹੈ ਜੋ ਲਕਸ਼ ਤੋਂ 60 ਕਿਮੀ ਦੂਰ ਤੋਂ ਵੀ ਛੱਡਿਆ ਜਾ ਸਕਦਾ ਹੈ। ਇੱਕ ਵਾਰ ਜਹਾਜ਼ ਤੋਂ ਦਾਗੇ ਜਾਣ ਬਾਅਦ ਸਪਾਈਸ ਬੰਬ ਖ਼ੁਦ ਗਲਾਈਡ ਕਰਦਾ ਹੋਇਆ ਆਪਣੇ ਲਕਸ਼ ਤਕ ਪਹੁੰਚਦਾ ਹੈ ਤੇ ਲਕਸ਼ ਨੂੰ ਤਬਾਹ ਕਰ ਦਿੰਦਾ ਹੈ।

ਦੱਸ ਦੇਈਏ ਸਪਾਈਸ ਬੰਬ ਹਾਲ ਹੀ ਵਿੱਚ ਚਰਚਾ ਵਿੱਚ ਆਇਆ ਸੀ ਜਦੋਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਵੜ ਕੇ ਭਾਰਤੀ ਹਵਾਈ ਫੌਜ ਨੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਇਸ ਆਪਰੇਸ਼ਨ ਵਿੱਚ ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ਾਂ ਤੋਂ ਜੈਸ਼ ਦੇ ਟਿਕਾਣਿਆਂ 'ਤੇ ਸਪਾਈਸ ਬੰਬ ਡੇਗੇ ਸੀ।