ਭਾਰਤ-ਪਾਕਿ ਵਿਚਾਲੇ ਭੇੜ, ਕ੍ਰਿਕਟ ਪ੍ਰੇਮੀਆਂ ਦੇ ਰੁਕੇ ਸਾਹ!
ਏਬੀਪੀ ਸਾਂਝਾ | 16 Jun 2019 11:23 AM (IST)
ਆਈਸੀਸੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦੇ ਪਾਕਿਸਤਾਨ ਦੀ ਟੱਕਰ ਹੈ। ਇਸ ਮੈਚ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਉਤਸ਼ਾਹ ਹੈ। ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਬੜੀ ਬੇਸਬਰੀ ਨਾਲ ਇਸ ਮੈਚ ਦੀ ਉਡੀਕ ਕਰ ਰਹੇ ਹਨ। ਹਮੇਸ਼ਾ ਇਨ੍ਹਾਂ ਗੁਆਂਢੀ ਮੁਲਕਾਂ ਵਿਚਾਲੇ ਹੁੰਦੇ ਮੈਚ ਦਿਲਚਸਪੀ ਭਰੇ ਹੁੰਦੇ ਹਨ। ਭਾਵੇਂ ਖਿਡਾਰੀਆਂ ਨੂੰ ਲੱਗੇ ਕਿ ਇਹ ਆਮ ਮੈਚਾਂ ਵਰਗਾ ਹੀ ਮੈਚ ਹੈ ਪਰ ਸਾਰੇ ਦਿਲ ਵਿੱਚ ਜਾਣਦੇ ਹਨ ਕਿ ਇਹ ਖ਼ਾਸ ਮੈਚ ਹੈ।

ਮੈਨਚੈਸਟਰ: ਆਈਸੀਸੀ ਵਿਸ਼ਵ ਕੱਪ ਵਿੱਚ ਅੱਜ ਭਾਰਤ ਦੇ ਪਾਕਿਸਤਾਨ ਦੀ ਟੱਕਰ ਹੈ। ਇਸ ਮੈਚ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਉਤਸ਼ਾਹ ਹੈ। ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀ ਬੜੀ ਬੇਸਬਰੀ ਨਾਲ ਇਸ ਮੈਚ ਦੀ ਉਡੀਕ ਕਰ ਰਹੇ ਹਨ। ਹਮੇਸ਼ਾ ਇਨ੍ਹਾਂ ਗੁਆਂਢੀ ਮੁਲਕਾਂ ਵਿਚਾਲੇ ਹੁੰਦੇ ਮੈਚ ਦਿਲਚਸਪੀ ਭਰੇ ਹੁੰਦੇ ਹਨ। ਭਾਵੇਂ ਖਿਡਾਰੀਆਂ ਨੂੰ ਲੱਗੇ ਕਿ ਇਹ ਆਮ ਮੈਚਾਂ ਵਰਗਾ ਹੀ ਮੈਚ ਹੈ ਪਰ ਸਾਰੇ ਦਿਲ ਵਿੱਚ ਜਾਣਦੇ ਹਨ ਕਿ ਇਹ ਖ਼ਾਸ ਮੈਚ ਹੈ। ਦਰਅਸਲ ਭਾਰਤ-ਪਾਕਿ ਵਿਚਾਲੇ ਕ੍ਰਿਕਟ ਮੁਕਾਬਲਾ ਵਿਸ਼ਵ ਕੱਪ ਵਿੱਚ ਹੋਵੇ ਜਾਂ ਫਿਰ ਕੋਈ ਹੋਰ ਮੈਚ, ਇਹ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪ੍ਰਸ਼ੰਸਕ ਮੈਚ ਦੇ ਨਤੀਜੇ ਦੇ ਹਿਸਾਬ ਨਾਲ ਨਾਇਕ ਤੇ ਵਿਲੇਨ ਬਣਾ ਲੈਂਦੇ ਹਨ ਜੋ ਤਾ-ਉਮਰ ਬਰਕਰਾਰ ਰਹਿੰਦੇ ਹਨ। ਅਜੈ ਜਡੇਜਾ ਦਾ 1996 ਵਿਸ਼ਵ ਕੱਪ ਕੁਆਰਟਰ ਫਾਈਨਲ ਵਿੱਚ ਵਕਾਰ ਯੂਨਿਸ ਦੀ ਗੇਂਦ ਨੂੰ ਮਿਧਣਾ ਹੋਵੇ ਜਾਂ ਫਿਰ ਸਲੀਮ ਮਲਿਕ ਦਾ ਈਡਨ ਗਾਰਡਨਜ਼ ਵਿੱਚ 1987 ਵਿੱਚ ਟੀਚੇ ਦਾ ਪਿੱਛਾ ਕਰਦਿਆਂ 35 ਗੇਂਦਾਂ ਵਿਚ 72 ਦੌੜਾਂ ਦੀ ਪਾਰੀ ਖੇਡ ਕੇ 90 ਹਜ਼ਾਰ ਤੋਂ ਜ਼ਿਆਦਾ ਦਰਸ਼ਕਾਂ ਨੂੰ ਹੈਰਾਨ ਕਰਨਾ ਹੋਵੇ, ਅਜਿਹੇ ਹੀ ਕੁਝ ਯਾਦਗਾਰੀ ਪਲ ਹਨ। ਚੇਤਨ ਸ਼ਰਮਾ ਨੂੰ ਇਸ ਲਈ ਯਾਦ ਰੱਖਿਆ ਜਾਂਦਾ ਹੈ ਕਿ ਸ਼ਾਰਜਾਹ ਵਿਚ 1986 ਵਿਚ ਉਨ੍ਹਾਂ ਦੀ ਆਖ਼ਰੀ ਫੁਲ ਟਾਸ ਗੇਂਦ ’ਤੇ ਜਾਵੇਦ ਮੀਆਂਦਾਦ ਨੇ ਛੱਕਾ ਜੜਿਆ ਸੀ। ਭਾਰਤ ਨੇ ਹੁਣ ਤੱਕ ਵਿਸ਼ਵ ਕੱਪ ਵਿੱਚ ਪਾਕਿਸਤਾਨ ਖ਼ਿਲਾਫ਼ ਸਾਰੇ ਛੇ ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧ ਰਹੇ ਸਰਹੱਦੀ ਤਣਾਅ ਕਾਰਨ ਕਈ ਸਾਲਾਂ ਤੋਂ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ। ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਮੈਚ ਵਿੱਚ ਜਦ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਤਾਂ ਪਾਕਿਸਤਾਨ ਦੇ ਗੇਂਦਬਾਜ਼ਾਂ ਨੂੰ ਭਾਰਤ ਦੇ ਕਮਜ਼ੋਰ ਮੱਧਕ੍ਰਮ ਦਾ ਫ਼ਾਇਦਾ ਉਠਾਉਣ ਦਾ ਯਤਨ ਕਰਨਾ ਚਾਹੀਦਾ ਹੈ। ਕਈ ਭਾਰਤ-ਪਾਕਿ ਮੈਚਾਂ ਦੇ ਨਾਇਕ ਰਹੇ ਅਕਰਮ ਨੂੰ ਉਮੀਦ ਹੈ ਕਿ ਮੁਹੰਮਦ ਆਮਿਰ ਦੀ ਅਗਵਾਈ ਵਿਚ ਭਾਰਤੀ ਮੱਧਕ੍ਰਮ ਦੀ ਕਮਜ਼ੋਰੀ ਨੂੰ ਲੱਭਣ ਵਿਚ ਟੀਮ ਸਫ਼ਲ ਰਹੇਗੀ। ਅਕਰਮ ਨੇ ਕਿਹਾ ਕਿ ਭਾਰਤ ਦੀ ਸਿਖ਼ਰਲੀ ਬੱਲੇਬਾਜ਼ੀ ਮਜ਼ਬੂਤ ਹੈ ਪਰ ਵਿੱਚ-ਵਿਚਾਲੇ ਕਿਤੇ ਕਮਜ਼ੋਰੀ ਜ਼ਰੂਰ ਹੈ। ਉਨ੍ਹਾਂ ਕਿਹਾ ਕਿ ਆਮਿਰ ਦੀ ਮੌਜੂਦਗੀ ਹੀ ਕਾਫ਼ੀ ਹੈ ਜਿਸ ਨੇ ਆਸਟਰੇਲੀਆ ਦੇ ਪੰਜ ਖਿਡਾਰੀਆਂ ਨੂੰ 30 ਦੌੜਾਂ ’ਤੇ ਪੈਵੇਲੀਅਨ ਭੇਜਿਆ। ਉਨ੍ਹਾਂ ਨੂੰ ਬਾਬਰ ਆਜ਼ਮ ’ਤੇ ਵੀ ਕਾਫ਼ੀ ਭਰੋਸਾ ਹੈ ਜੋ ਕਿ ਬੇਹੱਦ ਹੁਨਰਮੰਦ ਬੱਲੇਬਾਜ਼ ਹਨ। ਉਨ੍ਹਾਂ ਕਿਹਾ ਕਿ ਪਾਕਿ ਦੇ ਮੈਚ ਜਿੱਤਣ ਦੇ ਕਾਫ਼ੀ ਆਸਾਰ ਹਨ। ਉਧਰ, ਭਾਰਤੀ ਕ੍ਰਿਕਟ ਟੀਮ ਦੇ ਦੋ ਵੱਡੇ ਧੁਨੰਤਰਾਂ ਸੌਰਵ ਗਾਂਗੁਲੀ ਤੇ ਸਚਿਨ ਤੇਂਦੁਲਕਰ ਦਾ ਕਹਿਣਾ ਹੈ ਕਿ ਪਾਕਿਸਤਾਨ ਖ਼ਿਲਾਫ਼ ਵਿਸ਼ਵ ਕੱਪ ਮੁਕਾਬਲੇ ਵਿੱਚ ਭਾਰਤ ਨੂੰ ਇਹ ਸੋਚ ਕੇ ਮੈਦਾਨ ਵਿੱਚ ਨਹੀਂ ਉਤਰਨਾ ਚਾਹੀਦਾ ਕਿ ਉਹ ਜਿੱਤ ਦੇ ਦਾਅਵੇਦਾਰ ਹਨ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ 2017 ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਵਿਚ ਪਾਕਿਸਤਾਨ ਨੂੰ ਘੱਟ ਕਰ ਕੇ ਜਾਣਨ ਦੀ ਗਲਤੀ ਕੀਤੀ ਸੀ ਤੇ ਭਾਰਤ ਇਹ ਮੁਕਾਬਲਾ ਹਾਰ ਗਿਆ ਸੀ।