ਬਰਮਿੰਘਮ: ਭਾਰਤ ਨੇ ਮੰਗਲਵਾਰ ਨੂੰ ਬੰਗਲਾ ਦੇਸ਼ ਨੂੰ 28 ਦੌੜਾਂ ਨਾਲ ਸ਼ਿਕਸਤ ਦੇ ਕੇ ਆਈਸੀਸੀ ਵਿਸ਼ਵ ਕੱਪ-2019 ਦੇ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕਰ ਲਈ ਹੈ। ਭਾਰਤ ਵੱਲੋਂ ਰੱਖੇ ਗਏ 315 ਦੌੜਾਂ ਦੇ ਲਕਸ਼ ਦੇ ਸਾਹਮਣੇ ਬੰਗਲਾਦੇਸ਼ ਨੇ ਕਾਫੀ ਸੰਘਰਸ਼ ਕੀਤਾ ਪਰ 48 ਓਵਰਾਂ ਵਿੱਚ ਸਾਰੀਆਂ ਵਿਕਟਾਂ ਗਵਾ ਕੇ ਟੀਮ 286 ਦੌੜਾਂ ਹੀ ਬਣਾ ਸਕੀ।

ਇਸ ਜਿੱਤ ਦੇ ਬਾਅਦ ਭਾਰਤ ਦੇ 8 ਮੈਚਾਂ ਵਿੱਚ 6 ਜਿੱਤ, ਇੱਕ ਹਾਰ ਤੇ ਇੱਕ ਰੱਦ ਮੈਚ ਦੇ ਬਾਅਦ 13 ਅੰਕ ਹੋ ਗਏ ਹਨ। ਹਾਲੇ ਵੀ ਭਾਰਤ ਦੂਜੇ ਸਥਾਨ 'ਤੇ ਕਾਇਮ ਹੈ। ਬੰਗਲਾਦੇਸ਼ ਨੂੰ ਇਸ ਹਾਰ ਨਾਲ ਝਟਕਾ ਲੱਗਾ ਹੈ। ਸੈਮੀਫਾਈਨਲ ਵਿੱਚ ਪਹੁੰਚਣ ਲਈ ਹੁਣ ਬੰਗਲਾਦੇਸ਼ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ ਵਿੱਚ ਜਿੱਤ ਹਾਸਲ ਕਰਨੀ ਪਏਗੀ। ਇਸ ਦੇ ਨਾਲ ਹੀ ਦੂਜੀਆਂ ਟੀਮਾਂ ਦੇ ਮੈਚਾਂ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਪਏਗਾ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਤੇ ਬੱਲੇਬਾਜ਼ੀ ਚੁਣੀ ਸੀ। ਰੋਹਿਤ ਸ਼ਰਮਾ ਨੇ ਵਰਲਡ ਕੱਪ ਦਾ ਚੌਥਾ ਸੈਂਕੜਾ ਲਾਇਆ ਤੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ 'ਮੈਨ ਆਫ ਦ ਮੈਚ' ਚੁਣਿਆ ਗਿਆ। ਇਸ ਤੋਂ ਇਲਾਵਾ ਲੋਕੇਸ਼ ਰਾਹੁਲ ਨੇ ਵੀ 77 ਦੌੜਾਂ ਬਣਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਪਰ ਬਾਅਦ ਵਿੱਚ ਟੀਮ ਦੀ ਰਫ਼ਤਾਰ ਮੱਠੀ ਪੈ ਗਈ ਸੀ। ਆਖ਼ਰੀ ਪੰਜ ਓਵਰਾਂ ਵਿੱਚ ਭਾਰਤੀ ਟੀਮ ਮਹਿਜ਼ 35 ਦੌੜਾਂ ਹੀ ਬਣਾ ਸਕੀ ਤੇ 4 ਵਿਕਟਾਂ ਗਵਾ ਬੈਠੀ।

ਬੰਗਾਲਦੇਸ਼ ਲਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜੁਰ ਰਹਿਮਾਨ ਨੇ 10 ਓਵਰਾਂ ਵਿੱਚ 59 ਦੋੜਾਂ ਦੇ ਕੇ ਪੰਜ ਵਿਕਟਾਂ ਲਈਆਂ। ਆਖ਼ਰੀ ਓਵਰ ਵਿੱਚ ਰਹਿਮਾਨ ਨੇ ਸਿਰਫ ਤਿੰਨ ਦੌੜਾਂ ਦਿੱਤੀਆਂ ਤੇ ਦੋ ਵਿਕਟਾਂ ਲਈਆਂ। ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿੱਚ 314 ਦਾ ਸਕੋਰ ਖੜਾ ਕੀਤਾ ਪਰ ਬੰਗਲਾਦੇਸ਼ ਦੀ ਟੀਮ 286 ਦੌੜਾਂ ਹੀ ਬਣਾ ਸਕੀ।