IND Vs ENG: ਟੀਮ ਇੰਡੀਆ ਨੂੰ ਇੰਗਲੈਂਡ ਵਿਰੁੱਧ ਲਾਰਡਸ ਟੈਸਟ ਵਿੱਚ ਸ਼ਾਨਦਾਰ ਜਿੱਤ ਮਿਲੀ ਹੈ। ਦੂਜੇ ਟੈਸਟ ਦੌਰਾਨ ਭਾਰਤੀ ਤੇ ਇੰਗਲਿਸ਼ ਕ੍ਰਿਕਟਰਾਂ ਵਿਚਾਲੇ ਤਣਾਅ ਸਿਰਫ ਪਿੱਚ ਤੱਕ ਸੀਮਤ ਨਹੀਂ ਸੀ ਪਰ ਲਾਰਡਸ ਟੈਸਟ ਤੋਂ ਬਾਅਦ ਟੀਮ ਇੰਡੀਆ ਇੱਕ ਨਵੇਂ ਵਿਵਾਦ ਵਿੱਚ ਫਸੀ ਹੋਈ ਜਾਪਦੀ ਹੈ। ਇੰਗਲੈਂਡ ਦੇ ਮੀਡੀਆ ਵਿੱਚ ਇਹ ਸਾਹਮਣੇ ਆਇਆ ਹੈ ਕਿ ਕੁਝ ਭਾਰਤੀ ਖਿਡਾਰੀ, ਜੋ ਮੈਦਾਨ ਤੋਂ ਆਪਣੇ ਡਰੈਸਿੰਗ ਰੂਮ ਵਿੱਚ ਪਰਤ ਰਹੇ ਸਨ, ਨੇ ਪੰਜਵੇਂ ਤੇ ਆਖਰੀ ਦਿਨ ਇੰਗਲੈਂਡ ਦੇ 90/7 ਦੇ ਸਕੋਰ ਉੱਤੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਨੂੰ ਰਸਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜੋ ਕਿ ਬੱਲੇਬਾਜ਼ੀ ਕਰਨ ਜਾ ਰਹੇ ਸਨ।

 ‘ਦ ਗਾਰਡੀਅਨ’ ਅਖ਼ਬਾਰ ਨੇ ਇੱਕ ਰਿਪੋਰਟ ਵਿੱਚ ਕਿਹਾ, “ਜਦੋਂ ਰੌਬਿਨਸਨ ਪਵੇਲੀਅਨ ਦੀਆਂ ਪੌੜੀਆਂ ਤੋਂ ਉਤਰ ਰਹੇ ਸਨ, ਟ੍ਰੈਕ ਸੂਟ ਵਿੱਚ ਕੁਝ ਭਾਰਤੀ ਖਿਡਾਰੀ ਮੈਦਾਨ ਵਿੱਚ ਡ੍ਰਿੰਕਸ ਦੇ ਕੇ ਵਾਪਸ ਆ ਰਹੇ ਸਨ। ਰੌਬਿਨਸਨ ਰੁਕਦੇ ਹਨ ਤੇ ਭਾਰਤੀ ਖਿਡਾਰੀਆਂ ਦੇ ਇਕ ਪਾਸੇ ਜਾਣ ਦੀ ਉਡੀਕ ਕਰਦੇ ਹਨ।” ਰਿਪੋਰਟ ਅਨੁਸਾਰ, ਭਾਰਤੀ ਖਿਡਾਰੀ ਇੱਕ ਪਾਸੇ ਨਹੀਂ ਹਟਦੇ। ਰੌਬਿਨਸਨ ਤਦ ਉਡੀਕ ਕਰਦੇ ਹਨ। ਆਖਰਕਾਰ ਉਹ ਇੱਕ ਦੂਜੇ ਨੂੰ ਅਜੀਬ ਤਰੀਕੇ ਨਾਲ ਰਗੜ ਕੇ ਨਿੱਕਲਦੇ ਹਨ। ਇਹ ਸਾਰੀ ਘਟਨਾ ਕੁਝ ਸਕਿੰਟ ਹੀ ਚੱਲਦੀ ਹੈ।

ਦੋਵਾਂ ਟੀਮਾਂ ਵਿਚਾਲੇ ਵਧਿਆ ਤਣਾਅ
ਭਾਰਤ ਅਤੇ ਇੰਗਲੈਂਡ ਵਿਚਾਲੇ ਪਹਿਲੇ ਟੈਸਟ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਨਹੀਂ ਹੋਇਆ ਸੀ। ਪਰ ਲਾਰਡਸ ਟੈਸਟ ਦੇ ਤੀਜੇ ਦਿਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ 'ਤੇ ਸ਼ਾਰਟ ਡਿਲੀਵਰੀ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਵਿੱਚ ਤਣਾਅ ਵਧ ਗਿਆ ਅਤੇ ਖਿਡਾਰੀ ਇੱਕ ਦੂਜੇ ਨਾਲ ਟਕਰਾ ਗਏ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਐਂਡਰਸਨ ਵਿਚਾਲੇ ਮਤਭੇਦ ਜ਼ੁਬਾਨੀ ਜੰਗ ਵਿੱਚ ਆਪਣੇ ਸਿਖਰ ਤੇ ਪਹੁੰਚ ਗਏ ਸਨ।


ਟੀਮ ਇੰਡੀਆ ਦੇ ਖਿਡਾਰੀ ਮੈਚ ਜਿੱਤਣ ਦੇ ਬਾਅਦ ਵੀ ਕਾਫੀ ਹਮਲਾਵਰ ਮੂਡ ਵਿੱਚ ਨਜ਼ਰ ਆਏ। ਜਿੱਤ ਦਾ ਜਸ਼ਨ ਮਨਾਉਂਦੇ ਹੋਏ ਟੀਮ ਇੰਡੀਆ ਦੇ ਖਿਡਾਰੀ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੇ ਸਨ। ਹਾਲਾਂਕਿ ਤੀਜੇ ਟੈਸਟ 'ਚ ਮਾਹੌਲ ਸ਼ਾਂਤ ਰਹਿਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ 1-0 ਨਾਲ ਅੱਗੇ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਲੜੀ ਦਾ ਤੀਜਾ ਮੈਚ 25 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ।