ਨਵੀਂ ਦਿੱਲੀ: ਭਾਰਤ ਨੇ ਪੰਜ ਟੀ-20 ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ਵਿੱਚ ਨਿਉਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਟੀ-20 ਵਿੱਚ ਭਾਰਤ ਨੇ ਪਹਿਲੀ ਵਾਰ ਨਿਉਜ਼ੀਲੈਂਡ ਨੂੰ ਲਗਾਤਾਰ ਦੋ ਮੈਚਾਂ ਵਿੱਚ ਹਰਾਇਆ ਹੈ। ਇਸ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 2-0 ਨਾਲ ਅੱਗੇ ਚਲਿਆ ਗਿਆ ਹੈ। ਟੀਮ ਇੰਡੀਆ ਨੇ ਆਪਣਾ ਪਹਿਲਾ ਮੈਚ 6 ਵਿਕਟਾਂ ਨਾਲ ਜਿੱਤਿਆ ਸੀ। ਦੋਵਾਂ ਟੀਮਾਂ ਵਿਚਾਲੇ ਤੀਜਾ ਮੈਚ 29 ਜਨਵਰੀ ਨੂੰ ਹੈਮਿਲਟਨ ਵਿੱਚ ਖੇਡਿਆ ਜਾਵੇਗਾ।


ਅੱਜ ਦੇ ਮੈਚ ਦੌਰਾਨ ਲੋਕੇਸ਼ ਰਾਹੁਲ ਨੇ ਨਾਬਾਦ 57 ਦੌੜਾਂ ਬਣਾਈਆਂ। ਇਹ ਉਸ ਦੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਹੈ। ਸ਼੍ਰੇਅਸ ਅਈਅਰ ਨੇ 44 ਦੌੜਾਂ ਬਣਾਈਆਂ। ਰਾਹੁਲ ਤੇ ਅਈਅਰ ਨੇ ਤੀਜੀ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਿਵਮ ਦੂਬੇ 8 ਦੌੜਾਂ ਬਣਾ ਕੇ ਨਾਬਾਦ ਰਹੇ। ਉਸ ਨੇ ਛੱਕਾ ਮਾਰ ਕੇ ਟੀਮ ਇੰਡੀਆ ਨੂੰ ਦੂਜੇ ਮੈਚ ਵਿੱਚ ਜਿੱਤ ਹਾਸਲ ਕਰਵਾਈ। ਰਾਹੁਲ ਨੂੰ ਮੈਨ ਆਫ 'ਦ ਮੈਚ ਚੁਣਿਆ ਗਿਆ।