India vs South Africa: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ 10 ਦਸੰਬਰ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਟੀਮ ਇੰਡੀਆ ਦੱਖਣੀ ਅਫਰੀਕਾ ਪਹੁੰਚ ਚੁੱਕੀ ਹੈ। ਸੂਰਿਆਕੁਮਾਰ ਯਾਦਵ, ਯਸ਼ਸਵੀ ਜੈਸਵਾਲ ਅਤੇ ਸ਼੍ਰੇਅਸ ਅਈਅਰ ਸਮੇਤ ਕਈ ਖਿਡਾਰੀਆਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਟੀਮ ਇੰਡੀਆ ਦੇ ਖਿਡਾਰੀਆਂ ਦੇ ਪਹੁੰਚਣ ਤੋਂ ਬਾਅਦ ਉਥੇ ਮੀਂਹ ਵੀ ਪਿਆ। ਭਾਰਤੀ ਖਿਡਾਰੀਆਂ ਦਾ ਦੱਖਣੀ ਅਫਰੀਕਾ 'ਚ ਖਾਸ ਤਰੀਕੇ ਨਾਲ ਸਵਾਗਤ ਕੀਤਾ ਗਿਆ। 


ਦਰਅਸਲ BCCI ਨੇ X 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਟੀਮ ਇੰਡੀਆ ਦੇ ਖਿਡਾਰੀਆਂ ਦੇ ਦੱਖਣੀ ਅਫਰੀਕਾ ਪਹੁੰਚਣ ਦਾ ਸਫਰ ਦਿਖਾਇਆ ਗਿਆ ਹੈ। ਜਦੋਂ ਭਾਰਤੀ ਖਿਡਾਰੀ ਏਅਰਪੋਰਟ 'ਤੇ ਉਤਰੇ ਤਾਂ ਮੀਂਹ ਸ਼ੁਰੂ ਹੋ ਗਿਆ। ਇਸ ਨੂੰ ਦੇਖਦੇ ਹੋਏ ਕਈ ਖਿਡਾਰੀ ਸਿਰਾਂ 'ਤੇ ਟਰਾਲੀ ਬੈਗ ਲੈ ਕੇ ਦੌੜਦੇ ਦੇਖੇ ਗਏ। ਟੀਮ ਇੰਡੀਆ ਦੇ ਖਿਡਾਰੀਆਂ ਦਾ ਹੋਟਲ ਪਹੁੰਚਣ 'ਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਵੀਡੀਓ 'ਚ ਸੂਰਿਆ, ਤਿਲਕ, ਰਿੰਕੂ ਸਿੰਘ, ਅਰਸ਼ਦੀਪ ਸਿੰਘ ਅਤੇ ਅਈਅਰ ਸਮੇਤ ਕਈ ਖਿਡਾਰੀ ਨਜ਼ਰ ਆਏ।









ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਟੀ-20 ਸੀਰੀਜ਼ ਦਾ ਪਹਿਲਾ ਮੈਚ 10 ਦਸੰਬਰ ਨੂੰ ਡਰਬਨ 'ਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਦਾ ਪਹਿਲਾ ਮੈਚ 17 ਦਸੰਬਰ ਨੂੰ ਜੋਹਾਨਸਬਰਗ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਇਸ ਦਾ ਪਹਿਲਾ ਮੈਚ 26 ਦਸੰਬਰ ਤੋਂ ਖੇਡਿਆ ਜਾਵੇਗਾ।


ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਨੇ ਟੀ-20 ਅਤੇ ਵਨਡੇ ਸੀਰੀਜ਼ ਲਈ ਜ਼ਿਆਦਾਤਰ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ। ਭਾਰਤੀ ਟੀਮ ਸੂਰਿਆਕੁਮਾਰ ਯਾਦਵ ਦੀ ਕਪਤਾਨੀ 'ਚ ਟੀ-20 ਸੀਰੀਜ਼ ਖੇਡੇਗੀ। ਵਨਡੇ ਸੀਰੀਜ਼ 'ਚ ਕੇਐੱਲ ਰਾਹੁਲ ਕਪਤਾਨੀ ਕਰਨਗੇ। ਰਿੰਕੂ ਸਿੰਘ, ਰਜਤ ਪਾਟੀਦਾਰ, ਤਿਲਕ ਵਰਮਾ ਸਮੇਤ ਕਈ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਵਿਕਟਕੀਪਰ ਸੰਜੂ ਸੈਮਸਨ ਵੀ ਟੀਮ ਇੰਡੀਆ ਦਾ ਹਿੱਸਾ ਹਨ।