Test series against SL: ਮੋਹਾਲੀ 'ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਸਾਬਕਾ ਕਪਤਾਨ ਵਿਰਾਟ ਕੋਹਲੀ ਨੂੰ ਸਾਥੀ ਖਿਡਾਰੀਆਂ ਵੱਲੋਂ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਕੋਹਲੀ ਦੇ ਕਰੀਅਰ ਦਾ ਇਹ 100ਵਾਂ ਟੈਸਟ ਮੈਚ ਹੈ। ਵਿਰਾਟ ਨੇ ਹੁਣ ਤੱਕ ਟੈਸਟ ਮੈਚਾਂ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਉਹ 100 ਜਾਂ ਇਸ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ 12ਵੇਂ ਭਾਰਤੀ ਖਿਡਾਰੀ ਹਨ।
ਮੋਹਾਲੀ ਟੈਸਟ 'ਚ ਭਾਰਤ ਨੇ ਦੂਜੇ ਦਿਨ 8 ਵਿਕਟਾਂ ਦੇ ਨੁਕਸਾਨ 'ਤੇ 574 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਇਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਫੀਲਡਿੰਗ ਲਈ ਮੈਦਾਨ 'ਚ ਉਤਰਨਾ ਸੀ। ਇਸ ਤੋਂ ਪਹਿਲਾਂ ਸਾਰਿਆਂ ਨੇ ਕੋਹਲੀ ਨੂੰ ਗਾਰਡ ਆਫ ਆਨਰ ਦੇ ਕੇ ਸਨਮਾਨਿਤ ਕੀਤਾ। ਇਹ ਉਹਨਾਂ ਦੇ 100ਵੇਂ ਟੈਸਟ ਮੈਚ ਲਈ ਦਿੱਤਾ ਗਿਆ ਸੀ। ਇਸ ਦਾ ਵੀਡੀਓ ਬੀਸੀਸੀਆਈ ਨੇ ਟਵੀਟ ਕੀਤਾ ਹੈ। ਇਸ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਫੀਡਬੈਕ ਦੇ ਰਹੇ ਹਨ।
ਭਾਰਤ ਲਈ ਪਹਿਲੀ ਪਾਰੀ ਵਿੱਚ ਰਵਿੰਦਰ ਜਡੇਜਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 175 ਦੌੜਾਂ ਬਣਾਈਆਂ। ਪਰ ਪਾਰੀ ਦੇ ਐਲਾਨ ਕਾਰਨ ਉਹ ਦੋਹਰਾ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਇਸ ਪਾਰੀ 'ਚ ਵਿਰਾਟ ਕੋਹਲੀ ਨੇ 45 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਰਿਸ਼ਭ ਪੰਤ ਸੈਂਕੜਾ ਬਣਾਉਣ ਤੋਂ ਖੁੰਝ ਗਏ। ਪੰਤ ਨੇ 96 ਦੌੜਾਂ ਦੀ ਅਹਿਮ ਪਾਰੀ ਖੇਡੀ।
ਜੇਕਰ ਵਿਰਾਟ ਦੇ ਟੈਸਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਹੁਣ ਤੱਕ 27 ਸੈਂਕੜਿਆਂ ਦੀ ਮਦਦ ਨਾਲ 8007 ਦੌੜਾਂ ਬਣਾਈਆਂ ਹਨ। ਕੋਹਲੀ ਨੇ ਇਸ ਫਾਰਮੈਟ 'ਚ 7 ਦੋਹਰੇ ਸੈਂਕੜੇ ਵੀ ਲਗਾਏ ਹਨ। ਇਸ ਦੌਰਾਨ ਉਹਨਾਂ ਦਾ ਸਰਵੋਤਮ ਟੈਸਟ ਸਕੋਰ ਅਜੇਤੂ 254 ਦੌੜਾਂ ਰਿਹਾ ਹੈ।
ਇਹ ਵੀ ਪੜ੍ਹੋ: 400, 500...ਤੇ 700 ਵਿਕਟਾਂ, ਸ਼ੇਨ ਵਾਰਨ ਕਿਵੇਂ ਚੜ੍ਹਦਾ ਰਿਹਾ ਸਫਲਤਾ ਦੀ ਪੌੜੀ