ਨਵੀਂ ਦਿੱਲੀ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਅੱਜ ਮੈਲਬਰਨ 'ਚ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਮੈਚ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 114 ਦੌੜਾਂ ਦਾ ਟੀਚਾ ਦਿੱਤਾ। ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਭਾਰਤੀ ਟੀਮ ਪੁਆਇੰਟ ਟੇਬਲ ਦੇ ਸਿਖਰ 'ਤੇ ਹੈ।
3 ਵਿਕਟਾਂ ਗੁਆਉਣ ਤੋਂ ਬਾਅਦ ਭਾਰਤ ਨੇ 14.3 ਓਵਰਾਂ 'ਚ 116 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਲਈ ਸ਼ੇਫਾਲੀ ਵਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਸ਼ੇਫਾਲੀ ਵਰਮਾ ਨੇ 34 ਗੇਂਦਾਂ ਦਾ ਸਾਹਮਣਾ 7 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 15 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਮ੍ਰਿਤੀ ਮੰਧਾਨਾ ਨੇ 17 ਦੌੜਾਂ, ਦੀਪਤੀ ਸ਼ਰਮਾ ਅਤੇ ਜੈਮੀਮਾ ਰੌਡਰਿਗਜ਼ ਦੋਵਾਂ ਨੇ 15 ਦੌੜਾਂ ਬਣਾਈਆਂ।
ਭਾਰਤ ਲਈ ਦੀਪਤੀ ਸ਼ਰਮਾ ਅਤੇ ਸ਼ਿਖਾ ਪਾਂਡੇ ਨੇ 1-1 ਵਿਕਟ ਲਏ। ਭਾਰਤੀ ਟੀਮ ਦੀ ਰਾਧਾ ਯਾਦਵ ਨੇ ਸਭ ਤੋਂ ਵੱਧ 4 ਵਿਕਟਾਂ ਹਾਸਲ ਕੀਤੀਆਂ। ਰਾਧਾ ਯਾਦਵ ਨੇ ਚਾਰ ਓਵਰਾਂ ਵਿਚ 23 ਦੌੜਾਂ ਬਣਾਈਆਂ। ਦੱਸ ਦੇਈਏ ਕਿ ਭਾਰਤੀ ਟੀਮ ਪਹਿਲਾਂ ਹੀ ਤਿੰਨੋਂ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾ ਚੁੱਕੀ ਹੈ। ਭਾਰਤ ਨੇ ਆਸਟਰੇਲੀਆ ਨੂੰ 17 ਅਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ। ਇਸ ਤੋਂ ਇਲਾਵਾ ਤੀਸਰੇ ਮੈਚ ਵਿਚ ਨਿਊਜ਼ੀਲੈਂਡ ਨੂੰ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।