Asian Games 2023: ਏਸ਼ੀਆਈ ਖੇਡਾਂ 2023 ਦੇ ਪੁਰਸ਼ ਕਬੱਡੀ ਮੁਕਾਬਲੇ ਵਿੱਚ ਭਾਰਤੀ ਟੀਮ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਸੈਮੀਫਾਈਨਲ ਮੈਚ 'ਚ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਇਹ ਮੈਚ 61-14 ਦੇ ਫਰਕ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਏਸ਼ੀਆਈ ਖੇਡਾਂ 2023 ਵਿੱਚ ਭਾਰਤ ਲਈ ਇੱਕ ਹੋਰ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਹੈ।


ਇਸ ਮੈਚ ਦੀ ਸ਼ੁਰੂਆਤ ਭਾਰਤ ਦੇ ਲਈ ਖ਼ਰਾਬ ਹੋਈ ਸੀ। ਪਾਕਿਸਤਾਨ ਨੇ ਸ਼ੁਰੂਆਤ ਵਿੱਚ ਇੱਕ-ਇੱਕ ਕਰਕੇ ਚਾਰ ਅੰਕਾਂ ਦੀ ਬੜ੍ਹਤ ਬਣਾ ਲਈ ਸੀ। ਪਰ ਫਿਰ ਭਾਰਤੀ ਰੇਡਰਸ ਅਤੇ ਡਿਫੈਂਡਰਸ ਇੰਨੇ ਹਮਲਾਵਰ ਹੋ ਗਏ ਕਿ ਉਨ੍ਹਾਂ ਨੇ ਕੁਝ ਹੀ ਮਿੰਟਾਂ 'ਚ ਪਾਕਿਸਤਾਨ ਦੇ ਹੱਥੋਂ ਮੈਚ ਖੋਹ ਲਿਆ। ਹਾਫ ਟਾਈਮ ਤੱਕ ਭਾਰਤ ਨੇ ਪਾਕਿਸਤਾਨ ਨੂੰ ਤਿੰਨ ਵਾਰ ਆਲ ਆਊਟ ਕਰਕੇ ਆਪਣੀ ਲੀਡ 30-5 ਤੱਕ ਵਧਾ ਦਿੱਤੀ।


ਦੂਜੇ ਹਾਫ ਵਿੱਚ ਵੀ ਭਾਰਤੀ ਖਿਡਾਰੀਆਂ ਦਾ ਹਮਲਾਵਰ ਰਵੱਈਆ ਜਾਰੀ ਰਿਹਾ। ਇਸ ਹਾਫ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਤਿੰਨ ਵਾਰ ਆਲ ਆਊਟ ਕੀਤਾ। ਭਾਵ ਪਾਕਿਸਤਾਨ ਦੀ ਟੀਮ ਪੂਰੇ ਮੈਚ 'ਚ 6 ਵਾਰ ਆਲ ਆਊਟ ਹੋਈ। ਜਦਕਿ ਭਾਰਤੀ ਟੀਮ ਇਕ ਵਾਰ ਵੀ ਆਲ ਆਊਟ ਨਹੀਂ ਹੋਈ।


ਇਹ ਵੀ ਪੜ੍ਹੋ: World Cup: ਆਸਟਰੇਲੀਆ ਖਿਲਾਫ ਮੈਚ ਤੋਂ ਪਹਿਲਾਂ ਭਾਰਤ ਦੇ ਲਈ ਬੁਰੀ ਖਬਰ, ਡੇਂਗੂ ਦੀ ਲਪੇਟ 'ਚ ਆਏ ਸ਼ੁਭਮਨ ਗਿੱਲ


ਫਾਈਨਲ ਵਿੱਚ ਹੋ ਸਕਦਾ ਇਰਾਨ ਨਾਲ ਮੁਕਾਬਲਾ


ਭਾਰਤ ਦੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਬੱਡੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਭਾਰਤੀ ਖਿਡਾਰੀਆਂ ਦੀ ਤਾਰੀਫ ਕਰ ਰਹੇ ਹਨ। ਭਾਰਤੀ ਪ੍ਰਸ਼ੰਸਕਾਂ ਨੇ ਵੀ ਕਬੱਡੀ ਦੇ ਫਾਈਨਲ ਮੈਚ 'ਚ ਭਾਰਤ ਦੀ ਜਿੱਤ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕਬੱਡੀ ਦਾ ਦੂਜਾ ਸੈਮੀਫਾਈਨਲ ਈਰਾਨ ਅਤੇ ਚੀਨੀ ਤਾਈਪੇ ਵਿਚਾਲੇ ਹੋਵੇਗਾ। ਸੋਨ ਤਗਮੇ ਦੇ ਮੈਚ ਵਿੱਚ ਭਾਰਤੀ ਟੀਮ ਦਾ ਸਾਹਮਣਾ ਇਸ ਮੈਚ ਦੇ ਜੇਤੂ ਨਾਲ ਹੋਵੇਗਾ। ਸ਼ਾਇਦ ਭਾਰਤ ਈਰਾਨ ਨਾਲ ਹੀ ਮੁਕਾਬਲਾ ਕਰੇਗਾ। ਈਰਾਨ ਕਬੱਡੀ ਦਾ ਵੱਡਾ ਨਾਂ ਹੈ। ਉਹ ਪਿਛਲੀਆਂ ਏਸ਼ਿਆਈ ਖੇਡਾਂ ਦਾ ਵੀ ਚੈਂਪੀਅਨ ਹੈ।




ਇਹ ਵੀ ਪੜ੍ਹੋ: Asian Games: ਭਾਰਤ ਨੇ ਏਸ਼ੀਅਨ ਗੇਮਜ਼ ਦੇ ਫਾਈਨਲ 'ਚ ਬਣਾਈ ਜਗ੍ਹਾ, ਬੰਗਲਾਦੇਸ਼ ਨੂੰ ਬੁਰੀ ਤਰ੍ਹਾਂ ਹਰਾਇਆ