ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿੱਚ ਹੋਈ ਖਿਤਾਬੀ ਟੱਕਰ ਨਾਲ ਭਾਰਤ ਨੇ ਕਿਵੀਜ਼ ਤੋਂ ਰਾਊਂਡ ਰਾਬਿਨ ਸਟੇਜ ਵਿੱਚ 2-1 ਗੋਲਾਂ ਨਾਲ ਮਿਲੀ ਹਾਰ ਦਾ ਵੀ ਬਦਲਾ ਲੈ ਲਿਆ।


ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਨੀਲਾਕਾਂਤਾ ਸ਼ਰਮਾ, ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਗੋਲ ਦਾਗੇ। ਇਸ ਸ਼ਾਨਦਾਰ ਜਿੱਤ ਮਗਰੋਂ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਅਸੀਂ ਚੰਗਾ ਖੇਡੇ। ਵਿਰੋਧੀ ਟੀਮ ਖ਼ਿਲਾਫ਼ ਸ਼ੁਰੂਆਤ ਤੋਂ ਹੀ ਗੋਲ ਕਰਨ ਵਿੱਚ ਸਫਲ ਰਹੇ। ਅਸੀਂ ਪਿਛਲੇ ਮੈਚ ਵਿੱਚ ਨਿਊਜ਼ੀਲੈਂਡ ਤੋਂ ਹਾਰ ਗਏ ਸੀ, ਜਿਸ ਤੋਂ ਬਾਅਦ ਪ੍ਰੈਕਟਿਸ ਸੈਸ਼ਨ ਵਿੱਚ ਅਸੀਂ ਆਪਣੀਆਂ ਕਮੀਆਂ 'ਤੇ ਕੰਮ ਕੀਤਾ।

ਭਾਰਤੀ ਟੀਮ ਨੂੰ ਸੱਤਵੇਂ ਮਿੰਟ ਵਿੱਚ ਹੀ ਦੋ ਪੈਨਲਟੀ ਕਾਰਨਰ ਮਿਲੇ, ਜਿਸ ਵਿੱਚੋਂ ਇੱਕ ਨੂੰ ਹਰਮਨਪ੍ਰੀਤ ਨੇ ਗੋਲ ਵਿੱਚ ਬਦਲ ਲਿਆ। 18ਵੇਂ ਮਿੰਟ ਵਿੱਚ ਸ਼ਮਸ਼ੇਰ ਨੇ ਗੋਲ ਦਾਗਿਆ। ਫਿਰ 22ਵੇਂ ਮਿੰਟ ਵਿੱਚ ਨੀਲਕਾਂਤਾ ਵੱਲੋਂ ਕੀਤੇ ਗੋਲ ਨਾਲ ਸਕੋਰ 3-0 ਹੋ ਗਿਆ।


ਇਸ ਤੋਂ ਚਾਰ ਮਿੰਟ ਬਾਅਦ ਗੁਰਸਾਹਿਬਜੀਤ ਨੇ ਵਿਵੇਕ ਪ੍ਰਸਾਦ ਦੀ ਮਦਦ ਨਾਲ ਬਿਹਤਰੀਨ ਗੋਲ ਕੀਤਾ। ਫਿਰ 27ਵੇਂ ਮਿੰਟ ਵਿੱਚ ਮਨਦੀਪ ਨੇ ਗੋਲ ਕਰਦਿਆਂ ਸਕੋਰ 5-0 ਕਰ ਲਿਆ। ਟੀਮ ਨੇ ਮੈਚ ਖ਼ਤਮ ਹੋਣ ਦੇ ਅੰਤ ਤਕ ਵਿਰੋਧੀ ਟੀਮ ਖ਼ਿਲਾਫ਼ ਲੀਡ ਬਰਕਰਾਰ ਰੱਖੀ ਤੇ ਇੱਕ ਵੀ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ।