Asian Games 2023: ਏਸ਼ੀਆਈ ਖੇਡਾਂ ਵਿੱਚ ਭਾਰਤ ਲਗਾਤਾਰ ਨਵਾਂ ਇਤਿਹਾਸ ਰਚ ਰਿਹਾ ਹੈ। ਏਸ਼ੀਆਈ ਖੇਡਾਂ ਦੇ 14ਵੇਂ ਦਿਨ ਵੀ ਭਾਰਤ ਨੇ ਤਗਮਾ ਜਿੱਤਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਭਾਰਤ ਦੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਏਸ਼ੀਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਭਾਰਤ ਨੇ ਪਹਿਲੀ ਵਾਰ ਸੋਨ ਤਗਮਾ ਜਿੱਤਿਆ ਹੈ। ਭਾਰਤੀ ਬੈਡਮਿੰਟਨ ਜੋੜੀ ਨੇ ਹਾਂਗਜ਼ੂ ਦੇ ਬਿਨਜਿਆਂਗ ਜਿਮਨੈਜੀਅਮ ਬੀਡੀਐਮ ਕੋਰਟ 1 ਵਿੱਚ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੇ ਚੋਈ ਸੋਲਗਿਊ ਅਤੇ ਕਿਮ ਵੋਨਹੋ ਨੂੰ 21-18 ਅਤੇ 21-16 ਨਾਲ ਹਰਾਇਆ। ਇਸ ਮੈਚ ਦੀ ਡਿਟੇਲ ਦੇ ਨਾਲ ਤੁਹਾਨੂੰ ਦੱਸਦੇ ਹਾਂ, ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਮੌਜੂਦਾ ਸਥਿਤੀ।
ਇਸ ਪੁਰਸ਼ ਡਬਲ ਬੈਡਮਿੰਟਨ ਫਾਈਨਲ ਦਾ ਪਹਿਲਾ ਮੈਚ ਬਹੁਤ ਰੋਮਾਂਚਕ ਰਿਹਾ, ਜਿਸ ਵਿੱਚ ਸੋਲਗਿਊ ਅਤੇ ਵੋਨਹੋ ਨੇ ਬ੍ਰੇਕ ਤੱਕ 11-9 ਦੀ ਬੜ੍ਹਤ ਬਣਾ ਲਈ। ਪਹਿਲੇ ਮੈਚ 'ਚ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ 15-18 ਦੇ ਸਕੋਰ ਨਾਲ ਹਾਰ ਵੱਲ ਵਧਦੇ ਨਜ਼ਰ ਆਏ ਪਰ ਫਿਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ 6 ਅੰਕ ਹਾਸਲ ਕਰਕੇ ਮੈਚ ਨੂੰ ਪੂਰੀ ਤਰ੍ਹਾਂ ਨਾਲ ਪਲਟ ਦਿੱਤਾ। ਇਸ ਭਾਰਤੀ ਜੋੜੀ ਨੇ ਮਿਲ ਕੇ ਮੈਚ ਦੇ 29ਵੇਂ ਮਿੰਟ ਤੱਕ ਸਕੋਰ 15-18 ਤੋਂ 21-18 ਕਰ ਦਿੱਤਾ।
ਇਹ ਵੀ ਪੜ੍ਹੋ: PAK vs NED: ਵਿਸ਼ਵ ਕੱਪ ਮੈਚ ਦੌਰਾਨ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਪੜ੍ਹੀ ਨਮਾਜ਼! ਵੀਡੀਓ ਵਾਇਰਲ
ਭਾਰਤ ਨੇ ਬੈਡਮਿੰਟਨ ‘ਚ ਜਿੱਤਿਆ ਗੋਲਡ
ਭਾਰਤੀ ਜੋੜੀ ਨੇ ਦੂਜੇ ਮੈਚ ਵਿੱਚ ਵੀ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਅਤੇ ਦੂਜੇ ਮੈਚ ਦੇ ਬ੍ਰੇਕ ਤੱਕ 11-7 ਦੀ ਮਜ਼ਬੂਤ ਬੜ੍ਹਤ ਬਣਾ ਲਈ। ਦੱਖਣੀ ਕੋਰੀਆਈ ਜੋੜੀ ਨੇ ਫਾਈਨਲ ਮੈਚ ਵਿੱਚ ਆਖਰੀ ਵਾਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਜੋੜੀ ਉਨ੍ਹਾਂ ਨੂੰ ਰੋਕਣ ਵਿੱਚ ਕਾਮਯਾਬ ਰਹੀ ਅਤੇ 27ਵੇਂ ਮਿੰਟ ਵਿੱਚ ਦੂਜੀ ਗੇਮ 21-16 ਨਾਲ ਜਿੱਤ ਲਈ। ਫਾਈਨਲ ਮੈਚ ਵਿੱਚ ਲਗਾਤਾਰ ਦੋ ਗੇਮਾਂ ਜਿੱਤ ਕੇ ਇਸ ਭਾਰਤੀ ਜੋੜੀ ਨੇ ਏਸ਼ੀਆਈ ਖੇਡਾਂ 2023 ਵਿੱਚ ਬੈਡਮਿੰਟਨ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਇਹ ਖ਼ਬਰ ਲਿਖੇ ਜਾਣ ਤੱਕ ਭਾਰਤ ਨੇ ਪੁਰਸ਼ ਕ੍ਰਿਕਟ ਵਿੱਚ ਵੀ ਸੋਨ ਤਗਮਾ ਜਿੱਤਿਆ ਹੈ। ਭਾਰਤ ਨੇ ਹੁਣ ਏਸ਼ੀਆਈ ਖੇਡਾਂ ਵਿੱਚ ਕੁੱਲ 102 ਤਗਮੇ ਜਿੱਤੇ ਹਨ, ਜਿਸ ਵਿੱਚ 27 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਗਮੇ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ 72 ਸਾਲਾਂ ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ 100 ਤੋਂ ਵੱਧ ਤਗ਼ਮੇ ਜਿੱਤਣ ਦਾ ਕਾਰਨਾਮਾ ਕੀਤਾ ਹੈ।
ਇਹ ਵੀ ਪੜ੍ਹੋ: Asian Games 2023: ਟੀਮ ਇੰਡੀਆ ਨੇ ਕ੍ਰਿਕਟ ‘ਚ ਜਿੱਤਿਆ ਗੋਲਡ, ਜਾਣੋ ਬਿਨਾਂ ਖੇਡਿਆਂ ਕਿਵੇਂ ਮਿਲਿਆ ਮੈਡਲ