ਜਲਾਲਾਬਾਦ - ਸਰਕਲ ਸਟਾਈਲ ਕਬੱਡੀ ਵਿੱਚ ਭਾਰਤ ਨੇ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਪੁਰਸ਼ ਤੇ ਮਹਿਲਾ ਵਰਗ ਦਾ ਖਿਤਾਬ ਨਾਮ ਕੀਤਾ। ਜਲਾਲਾਬਾਦ ਦੇ ਮਲਟੀਪਰਪਜ਼ ਸਪੋਰਟਸ ਸਟੇਡੀਅਮ 'ਚ ਦਰਸ਼ਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਵੀਰਵਾਰ ਨੂੰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਸਮਾਪਤੀ ਸਮਾਰੋਹ ਤੋਂ ਪਹਿਲਾਂ ਪੁਰਸ਼ ਤੇ ਮਹਿਲਾ ਵਰਗ ਦੇ ਫਾਈਨਲ ਅਤੇ ਤੀਜੀ ਪੁਜੀਸ਼ਨ ਵਾਲੇ ਮੈਚ ਖੇਡੇ ਗਏ। 

  

 

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਫਾਈਨਲ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮਾਪਤੀ ਸਮਾਰੋਹ ਤੇ ਫਾਈਨਲ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ। ਸਮਾਪਤੀ ਸਮਾਰੋਹ ਤੋਂ ਪਹਿਲਾਂ ਹੋਏ ਪੁਰਸ਼ਾਂ ਦੇ ਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 62-20 ਨਾਲ ਹਰਾ ਕੇ ਲਗਾਤਾਰ ਛੇਵੀਂ ਵਾਰ ਵਿਸ਼ਵ ਕੱਪ ’ਤੇ ਕਬਜ਼ਾ ਜਮਾਉਂਦਿਆਂ ਦੋ ਕਰੋੜ ਰੁਪਏ ਦਾ ਪਹਿਲਾ ਇਨਾਮ ਵੀ ਜਿੱਤਿਆ। ਭਾਰਤ ਵੱਲੋਂ ਰੇਡਰ ਸੰਦੀਪ ਸੁਰਖਪੁਰ ਤੇ ਸੁਲਤਾਨ ਨੇ 10-10 ਅੰਕ ਹਾਸਿਲ ਕੀਤੇ। 


  

 

ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਦੀ ਟੀਮ ਨੇ ਅਮਰੀਕਾ ਨੂੰ 45-10 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਵਿਸ਼ਵ ਖਿਤਾਬ ਜਿੱਤਦਿਆਂ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ। ਭਾਰਤ ਵੱਲੋਂ ਰੇਡਰ ਸੁਮਨ ਗਿੱਲ ਨੇ 6, ਸੁਖਜਿੰਦਰ ਕੌਰ ਨੇ 5 ਅਤੇ ਹਰਵਿੰਦਰ ਕੌਰ ਨੇ 4 ਅੰਕ ਲਏ ਜਦੋਂ ਕਿ ਜਾਫੀ ਰਣਦੀਪ ਕੌਰ ਨੇ 6 ਤੇ ਮਨਦੀਪ ਕੌਰ ਛੀਨਾ ਨੇ 5 ਜੱਫੇ ਲਾਏ। 

  

 

ਕਬੱਡੀ ਦੇ ਮੁਕਾਬਲੇ ਤੋਂ ਬਾਅਦ ਰੰਗਾਰੰਗ ਸਮਾਪਤੀ ਸਮਾਰੋਹ ਵੀ ਹੋਇਆ ਜਿਸ ਦੌਰਾਨ ਮਿਸ ਪੂਜਾ, ਸਤਿੰਦਰ ਸੱਤੀ, ਜਸਵਿੰਦਰ ਭੱਲਾ, ਕੁਲਵਿੰਦਰ ਬਿੱਲਾ ਅਤੇ ਕਈ ਹੋਰ ਕਲਾਕਾਰਾਂ ਨੇ ਸਮਾਂ ਬੰਨਿਆ।