ਲੰਡਨ: ਇੰਗਲੈਂਡ ਦੇ ਓਵਲ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੈਚ ਦੌਰਾਨ ਭਾਰਤ ਨੇ ਆਸਟ੍ਰੇਲੀਆ ਨੂੰ 353 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਅਤੇ 50 ਓਵਰਾਂ ਵਿੱਚ ਪੰਜ ਵਿਕਟਾਂ ਗਵਾ ਕੇ 352 ਦੌੜਾਂ ਜੋੜੀਆਂ। ਇਸ ਵੱਡੇ ਸਕੋਰ ਤਕ ਪਹੁੰਚਣ ਲਈ ਭਾਰਤੀ ਬੱਲੇਬਾਜ਼ਾਂ ਨੇ ਤਿੰਨ ਅਰਧ ਸੈਂਕੜੇ ਤੇ ਇੱਕ ਸੈਂਕੜੇ ਨਾਲ ਆਪਣਾ ਯੋਗਦਾਨ ਪਾਇਆ।


ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਇੱਕ ਦਿਨਾ ਕਰੀਅਰ ਦਾ 17ਵਾਂ ਸੈਂਕੜਾ ਜੜਿਆ ਅਤੇ ਇਸ ਵਿਸ਼ਵ ਕੱਪ ਵਿੱਚ ਉਨ੍ਹਾਂ ਦਾ ਇਹ ਪਹਿਲਾਂ ਸੈਂਕੜਾ ਹੈ। ਧਵਨ ਨੇ 16 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ 117 ਦੌੜਾਂ ਦੀ ਪਾਰੀ ਖੇਡੀ। ਧਵਨ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਵੀ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 77 ਗੇਂਦਾਂ ਵਿੱਚ 82 ਦੌੜਾਂ ਬਣਾਈਆਂ।


ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 70 ਗੇਂਦਾਂ ਦੀ ਮਦਦ ਨਾਲ 57 ਦੌੜਾਂ ਬਣਾਈਆਂ ਜਿਸ ਵਿੱਚ ਤਿੰਨ ਚੌਕੇ ਤੇ ਇੱਕ ਛੱਕਾ ਸ਼ਾਮਲ ਹੈ। ਰੋਹਿਤ ਤੇ ਧਵਨ ਦੀ ਸਲਾਮੀ ਜੋੜੀ ਨੇ ਭਾਰਤ ਨੂੰ ਚੰਗੀ ਸ਼ੁਰੂਆਤ ਦਿਵਾਈ। ਚੌਥੇ ਨੰਬਰ 'ਤੇ ਖੇਡਣ ਆਏ ਹਾਰਦਿਕ ਪੰਡਿਆ ਨੇ ਵੀ 27 ਗੇਂਦਾਂ ਖੇਡ ਕੇ ਚਾਰ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ ਪਰ ਅਰਧ ਸੈਂਕੜੇ ਤੋਂ ਖੁੰਝ ਗਏ। ਵਿਕੇਟਕੀਪਰ ਮਹੇਂਦਰ ਸਿੰਘ ਧੋਨੀ ਵੀ 27 ਦੌੜਾਂ ਹੀ ਬਣਾ ਸਕੇ। ਲੋਕੇਸ਼ ਰਾਹੁਲ ਨੇ ਪਾਰੀ ਦੀ ਆਖਰੀ ਗੇਂਦ 'ਤੇ ਚੌਕਾ ਮਾਰ ਕੇ ਭਾਰਤ ਦਾ ਸਕੋਰ 350 ਤੋਂ ਪਾਰ ਪਹੁੰਚਾਇਆ।


ਆਸਟ੍ਰੇਲੀਆ ਦੇ ਮਾਰਕਸ ਸਟੋਇਨਿਸ ਨੇ ਸਭ ਤੋਂ ਵੱਧ ਦੋ ਅਤੇ ਪੈਟ ਕਮਿਨਸ, ਮਿਸ਼ਲ ਸਟਾਰਕ ਤੇ ਨਾਥਨ ਕੋਉਲਟਰ ਨੀਲ ਨੇ ਇੱਕ-ਇੱਕ ਭਾਰਤੀ ਬੱਲੇਬਾਜ਼ ਦੀ ਵਿਕਟ ਹਾਸਲ ਕੀਤੀ। ਹੁਣ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਰਤੀ ਗੇਂਦਬਾਜ਼ਾਂ ਦੀ ਹੈ, ਜੋ ਪਿਛਲੇ ਮੈਚਾਂ ਤੋਂ ਚੰਗੀ ਫਾਰਮ ਦੇ ਵਿੱਚ ਚੱਲੇ ਆ ਰਹੇ ਹਨ।