ਕਿੰਗਸਟਨ: ‘ਕੋਹਲੀ ਐਂਡ ਕੰਪਨੀ’ ਨੇ ਵੈਸਟਇੰਡੀਜ਼ ਖਿਲਾਫ ਦੂਜਾ ਤੇ ਆਖਰੀ ਟੈਸਟ 257 ਦੌੜਾਂ ਨਾਲ ਜਿੱਤ ਕੇ ਸੀਰੀਜ਼ ‘ਤੇ 2-0 ਨਾਲ ਕਬਜ਼ਾ ਕੀਤਾ ਹੈ। ਇਸ ਸੀਰੀਜ਼ ਦੀ ਜਿੱਤ ਦੇ ਨਾਲ ਭਾਰਤ ਨੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। 


ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੈਦਾਨ ‘ਚ ਉੱਤਰੀ ਟੀਮ ਇੰਡੀਆ ਨੇ ਹਨੁਮਾ ਵਿਹਾਰੀ (111) ਦੇ ਸੈਂਕੜੇ ਤੇ ਕਪਤਾਨ ਵਿਰਾਟ ਕੋਹਲੀ (76) ਤੇ ਇਸ਼ਾਂਤ ਸ਼ਰਮਾ (57) ਦੇ ਅਰਥ-ਸੈਂਕੜੇ ਦੀ ਬਦੌਲਤ ਪਹਿਲੀ ਪਾਰੀ ‘ਚ 416 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਬੁਮਰਾਹ ਦੀ ਖ਼ਤਰਨਾਕ ਗੇਂਦਬਾਜ਼ੀ ਦੇ ਦਮ ‘ਤੇ ਭਾਰਤ ਨੇ ਵੈਸਟਇੰਡੀਜ਼ ਦੀ ਟੀਮ ਨੂੰ ਪਹਿਲੀ ਪਾਰੀ ‘ਚ 117 ਦੌੜਾਂ ‘ਤੇ ਢੇਰ ਕਰ ਦਿੱਤਾ।



ਦੂਜੀ ਪਾਰੀ ‘ਚ ਟੀਮ ਇੰਡੀਆ ਨੇ ਫੌਲੋਆਨ ਨਾ ਦੇ ਕੇ ਬੱਲੇਬਾਜ਼ੀ ਕੀਤੀ ਤੇ ਵਿਰੋਧੀ ਟੀਮ ਵੈਸਟਇੰਡੀਜ਼ ਨੂੰ 468 ਦੌੜਾਂ ਦਾ ਟੀਚਾ ਦਿੱਤਾ। ਇਸ ਦਾ ਪਿੱਛਾ ਕਰਦੇ ਵਿੰਡੀਜ਼ ਦੀ ਟੀਮ ਨੇ ਦੂਜੀ ਪਾਈ ‘ਚ 210 ਦੌੜਾਂ ਹੀ ਬਣਾਈਆਂ ਤੇ ਆਲ-ਆਊਟ ਹੋ ਗਈ ਤੇ ਟੀਮ ਨੇ ਚੌਥੇ ਦਿਨ ਹੀ ਜਿੱਤ ਦਰਜ ਕਰ ਲਈ।

ਕੋਹਲੀ ਨੇ ਸੀਰੀਜ਼ ‘ਚ 2-0 ਦੀ ਕਲੀਨਸਵੀਪ ਕਰਨ ਤੋਂ ਬਾਅਦ ਕਿਹਾ, “ਹਨੁਮਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ, ਅਜਿੰਕੀਆ ਰਹਾਣੇ ਨੇ ਚੰਗਾ ਪ੍ਰਦਰਸ਼ਨ ਕੀਤਾ, ਮਿਅੰਕ ਪਹਿਲੀ ਪਾਰੀ ‘ਚ ਚੰਗਾ ਖੇਡੇ, ਇਸ਼ਾਂਤ ਦਾ ਅਰਧ ਸੈਂਕੜਾ ਇਹ ਸਭ ਜਜ਼ਬੇ ਨਾਲ ਭਰੀ ਪਾਰੀ ਸੀ।”



ਇਸ ਦੇ ਨਾਲ ਹੀ ਕੋਹਲੀ ਸਭ ਤੋਂ ਕਾਮਯਾਬ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਇਸ ਮੈਚ ‘ਚ ਜਿੱਤ ਨਾਲ ਮਹੇਂਦਰ ਸਿੰਘ ਧੋਨੀ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਸਭ ਤੋਂ ਕਾਮਯਾਬ ਕਪਤਾਨ ਬਣਨਾ ਸਾਡੀ ਟੀਮ ਦਾ ਕਾਰਨ ਹੈ। ਕਪਤਾਨ ਦੇ ਨਾਂ ਅੱਗੇ ਸਿਰਫ ‘ਸੀ’ ਅੱਖਰ ਹੈ। ਇਹ ਸਾਰੀ ਟੀਮ ਦੀ ਕੋਸ਼ਿਸ਼ ਹੈ।” ਇਸ ਦੇ ਨਾਲ ਹੀ ਕੋਹਲੀ ਨੇ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਦੀ ਵੀ ਖੂਬ ਤਾਰੀਫ ਕੀਤੀ।