ਇੰਦੌਰ - ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਇੰਦੌਰ ਟੈਸਟ 'ਚ ਟੀਮ ਇੰਡੀਆ ਨੂੰ ਬੇਹਦ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ ਹੈ। ਅਸ਼ਵਿਨ ਦੇ ਦਮਦਾਰ ਖੇਡ ਸਦਕਾ ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ ਪਹਿਲੀ ਪਾਰੀ 'ਚ 299 ਰਨ 'ਤੇ ਆਲ ਆਊਟ ਕਰ ਦਿੱਤਾ। ਭਾਰਤ ਨੂੰ ਪਹਿਲੀ ਪਾਰੀ ਤੋਂ ਬਾਅਦ 258 ਰਨ ਦੀ ਲੀਡ ਹਾਸਿਲ ਹੋ ਗਈ ਹੈ। ਅਸ਼ਵਿਨ ਨੇ 81 ਰਨ ਦੇਕੇ 6 ਵਿਕਟ ਝਟਕੇ। ਭਾਰਤ ਨੇ ਨਿਊਜ਼ੀਲੈਂਡ ਨੂੰ ਫਾਲੋ-ਔਨ ਦੇਣ ਤੋਂ ਇਨਕਾਰ ਕੀਤਾ ਅਤੇ ਇੱਕ ਵਾਰ ਫਿਰ ਤੋਂ ਟੀਮ ਇੰਡੀਆ ਦੇ ਬੱਲੇਬਾਜ ਮੈਦਾਨ 'ਤੇ ਉਤਰੇ ਹਨ। 

  

 

ਅਸ਼ਵਿਨ ਦਾ ਕਮਾਲ 

 

ਟੀਮ ਇੰਡੀਆ ਦੇ ਫਿਰਕੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੇ ਨਿਊਜ਼ੀਲੈਂਡ ਨੂੰ ਚੰਗੀ ਸ਼ੁਰੂਆਤ ਦੇ ਬਾਵਜੂਦ ਛੋਟੇ ਸਕੋਰ 'ਤੇ ਨਿਪਟਾਉਣ 'ਚ ਖਾਸ ਯੋਗਦਾਨ ਪਾਇਆ। ਨਿਊਜ਼ੀਲੈਂਡ ਦੀ ਟੀਮ ਨੂੰ ਗਪਟਿਲ ਅਤੇ ਲੈਥਮ ਨੇ ਮਿਲਕੇ ਬਿਨਾ ਕੋਈ ਵਿਕਟ ਗਵਾਏ 118 ਰਨ ਤਕ ਪਹੁੰਚਾ ਦਿੱਤਾ ਸੀ। ਪਰ ਫਿਰ ਅਸ਼ਵਿਨ ਨੇ ਕੀਵੀ ਟੀਮ ਨੂੰ 4 ਝਟਕੇ ਦਿੱਤੇ ਅਤੇ 1 ਰਨ ਆਊਟ ਕੀਤਾ। ਨਿਊਜ਼ੀਲੈਂਡ ਦੀ ਟੀਮ 148 ਰਨ 'ਤੇ 5 ਵਿਕਟ ਗਵਾ ਚੁੱਕੀ ਸੀ। ਨੀਸ਼ਮ ਨੇ 71 ਰਨ ਦੀ ਪਾਰੀ ਖੇਡ ਨਿਊਜ਼ੀਲੈਂਡ ਨੂੰ 300 ਰਨ ਦੇ ਨੇੜੇ ਪਹੁੰਚਾਇਆ। ਪਰ ਨੀਸ਼ਮ ਵੀ ਅਸ਼ਵਿਨ ਦੀ ਗੇਂਦ 'ਤੇ ਆਊਟ ਹੋ ਗਏ। ਅਸ਼ਵਿਨ ਨੇ ਸਿਰਫ 81 ਰਨ ਦੇਕੇ ਕੀਵੀ ਟੀਮ ਦੇ 6 ਬੱਲੇਬਾਜ਼ਾਂ ਨੂੰ ਪੈਵਲੀਅਨ ਦਾ ਰਾਹ ਵਿਖਾਇਆ। ਇਹ ਅਸ਼ਵਿਨ ਦਾ 20ਵਾਂ 5 ਵਿਕਟਾਂ ਕੱਡਣ ਦਾ ਕਾਰਨਾਮਾ ਹੈ। 39 ਮੈਚਾਂ 'ਚ 20 ਵਾਰ 5 ਜਾਂ ਉਸਤੋਂ ਵਧੇਰੇ ਵਿਕਟਾਂ ਹਾਸਿਲ ਕਰ ਅਸ਼ਵਿਨ ਨੇ ਇੱਕ ਹੋਰ ਰਿਕਾਰਡ ਬਣਾ ਦਿੱਤਾ ਹੈ। 20 ਵਾਰ 5 ਜਾਂ ਉਸਤੋਂ ਵਧ ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਲਿਸਟ 'ਚ ਅਸ਼ਵਿਨ ਨੇ ਤੀਜੇ ਨੰਬਰ 'ਤੇ ਸਭ ਤੋਂ ਘਟ ਮੈਚ ਖੇਡ ਇਹ ਕਾਰਨਾਮਾ ਕੀਤਾ ਹੈ।