ਅਲਮੋੜਾ : ਭਾਰਤੀ ਪਰਿਵੇਸ਼ ਤੇ ਹਿੰਦੀ ਸਿਨੇਮਾ ਵਿੱਚ ਮੰਦਰਾਂ ਨੂੰ ਜੋ ਥਾਂ ਦਿੱਤੀ ਗਈ ਹੈ, ਉਹ ਹੈ ਨੌਜਵਾਨਾਂ ਦੇ ਲਈ ਵਿਆਹ ਦੀ ਸਭ ਤੋਂ ਵਧਿਆ ਥਾਂ। ਅਜਿਹੀ ਥਾਂ ਜਿੱਤੇ ਬਿਨਾਂ ਕਿਸੇ ਖ਼ਰਚੇ, ਰਿਸ਼ਤੇਦਾਰਾਂ ਦੇ ਵਿਆਹ ਕਰਵਾਇਆ ਜਾ ਸਕਦਾ ਹੈ। ਪਰ ਹੁਣ ਇਹ ਦਿਨ ਵੀ ਨਹੀਂ ਰਹੇ।

ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਵੀ ਮੰਦਰ ਹੈ, ਜਿੱਥੇ ਵਿਆਹ ਕਰਨ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਹੈ। ਨਿਆਂ ਦੇ ਦੇਵ 'ਚਿਤਈ ਗੋਲੂ' ਦੇ ਇਸ ਮੰਦਰ ਵਿੱਚ ਹਰ ਸਾਲ ਲਗਭਗ 400 ਵਿਆਹ ਹੁੰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਵਿੱਚ ਵਿਆਹ ਕਰਨਾ ਬਹੁਤ ਹੀ ਸ਼ੁੱਭ ਹੈ।

ਮੰਦਰ ਸਮਿਤੀ ਦੇ ਖ਼ਜ਼ਾਨਚੀ ਹਰਿ ਵਿਨੋਦ ਪੰਤ ਮੁਤਾਬਕ, ਮੰਦਰ ਵਿੱਚ ਵਿਆਹ ਕਰਨ ਦੇ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਕਈ ਵਾਰ ਤਾਂ ਨਾਬਾਲਗ ਜੋੜੇ ਵੀ ਭੱਜ ਕੇ ਵਿਆਹ ਕਰਵਾਉਣ ਪਹੁੰਚ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਨ ਦੇ ਲਈ ਮੰਦਰ ਸਮਿਤੀ ਨੇ ਇਹ ਫ਼ੈਸਲਾ ਲਿਆ ਹੈ।

ਹਰਿ ਵਿਨੋਦ ਪੰਤ ਮੁਤਾਬਕ, ਵੋਟਰ ਆਈ.ਡੀ. ਤੇ ਪੈਨ ਕਾਰਡ ਹੋਣ ਦੇ ਬਾਵਜੂਦ ਵੀ ਮੰਦਰ ਆਧਾਰ ਕਾਰਡ ਨੂੰ ਪਹਿਲ ਦੇਵੇਗਾ ਕਿਉਂਕਿ ਉਸ ਵਿੱਚ ਨਾਮ, ਪਤਾ, ਉਮਰ, ਪਿਤਾ ਦਾ ਨਾਮ ਜਿਹੀ ਸਾਰੀ ਜਾਣਕਾਰੀ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਮੰਦਰ ਸਮਿਤੀ ਦਾ ਕੋਈ ਮੈਂਬਰ ਜੋੜੇ ਨੂੰ ਜਾਣਦਾ ਹੈ ਤੇ ਬਾਲਗ ਤਾਂ ਵੀ ਵਿਆਹ ਵਿੱਚ ਕੋਈ ਦਿੱਕਤ ਨਹੀਂ ਆਏਗੀ।