ਸੂਰਤ : ਮੀਡੀਆ ਕਰਮੀਆਂ ਨੇ ਬੀਤੇ ਕਲ ਆਮ ਆਦਮੀ ਪਾਰਟੀ ਦੀ ਪ੍ਰੈੱਸ ਕਾਂਫ੍ਰੈਂਸ ਦਾ ਬਾਈਕਾਟ ਕਰ ਦਿੱਤਾ, ਜਦੋਂ ਪਾਰਟੀ ਦੇ ਨੇਤਾ ਕਪਿਲ ਮਿਸ਼ਰਾ ਨੇ ਇੱਕ ਪੱਤਰਕਾਰ ਨੂੰ ਬੀ.ਜੇ.ਪੀ. ਦਾ ਮੈਂਬਰ ਦੱਸਿਆ।

ਪੱਤਰਕਾਰ ਨੇ ਕਪਿਲ ਤੋਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਟਿੱਪਣੀ ਨੂੰ ਲੈ ਕੇ ਸਵਾਲ ਪੁੱਛਿਆ ਸੀ। ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਨੇ ਕਿਹਾ, 'ਜਿਸ ਤਰ੍ਹਾਂ ਦੇ ਤੁਸੀਂ ਸਵਾਲ ਪੁੱਛ ਰਹੇ ਹੋ, ਉਸ ਤੋਂ ਲੱਗਦਾ ਹੈ ਕਿ ਤੁਸੀਂ ਬੀ.ਜੇ.ਪੀ. ਦੇ ਮੈਂਬਰ ਹੋ।'

ਦਰਅਸਲ ਕਪਿਲ ਮਿਸ਼ਰਾ ਗੁਜਰਾਤ ਦੇ ਅਮਰੇਲੀ ਜ਼ਿਲ੍ਹਾ ਵਿੱਚ ਆਈ.ਟੀ.ਬੀ.ਪੀ. ਦੇ ਇੱਕ ਸ਼ਹੀਦ ਜਵਾਨ ਦੇ ਘਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਹੁੰਚੇ ਸਨ। ਇਸ ਦੌਰਾਨ ਹੀ ਮੀਡੀਆ ਵੱਲੋਂ ਇਹ ਸਵਾਲ ਪੁੱਛਿਆ ਗਿਆ ਸੀ।

ਮਿਸ਼ਰਾ ਦੇ ਇਸ ਬਿਆਨ 'ਤੇ ਮੀਡੀਆ ਕਰਮੀਆਂ ਨੇ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ। ਮਿਸ਼ਰਾ ਨੇ 16 ਅਕਤੂਬਰ ਨੂੰ ਕੇਜਰੀਵਾਲ ਦੀ ਰੈਲੀ ਬਾਰੇ ਜਾਣਕਾਰੀ ਦੇਣ ਦੇ ਲਈ ਪੱਤਰਕਾਰਾਂ ਨੂੰ ਬੁਲਾਇਆ ਸੀ।