ਸ਼੍ਰੀਨਗਰ: ਕੱਲ੍ਹ ਸ਼੍ਰੀਨਗਰ 'ਚ ਹਾਈਵੇ 'ਤੇ ਫੌਜ ਦੀ ਇੱਕ ਗੱਡੀ ਦਰੱਖਤ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਦੋ ਜਵਾਨ ਜਖਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਕਸ਼ਮੀਰੀ ਨੌਜਵਾਨਾਂ ਨੇ ਰੈਸਕਿਊ ਅਪ੍ਰੇਸ਼ਨ ਚਲਾਇਆ। ਇਹਨਾਂ ਨੌਜਵਾਨਾਂ ਦੀ ਬਦੌਲਤ ਫੌਜ ਦੇ ਜਵਾਨਾਂ ਦੀ ਜਾਨ ਬਚ ਸਕੀ। ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫੌਜ ਨੇ ਵੀ ਇਹਨਾਂ ਕਸ਼ਮੀਰੀ ਨੌਜਵਾਨਾਂ ਨੂੰ ਮਦਦ ਲਈ ਸ਼ੁਕਰੀਆ ਕਿਹਾ ਹੈ।
ਜਾਣਕਾਰੀ ਮੁਤਾਬਕ ਫੌਜ ਦੀ ਇੱਕ ਗੱਡੀ ਦਰੱਖਤ ਨਾਲ ਟਕਰਾ ਕੇ ਬੁਰੀ ਤਰਾਂ ਨੁਕਸਾਨੀ ਗਈ ਸੀ। ਗੱਡੀ 'ਚ ਦੋ ਜਵਾਨ ਬੁਰੀ ਤਰਾਂ ਫਸੇ ਹੋਏ ਸਨ। ਇਸੇ ਦੌਰਾਨ ਕੁੱਝ ਕਸ਼ਮੀਰੀ ਨੌਜਵਾਨਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ। ਉਨ੍ਹਾਂ ਰੈਸਕਿਊ ਅਪ੍ਰੇਸ਼ਨ ਚਲਾ ਕਿ ਜਵਾਨਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ। ਕਸ਼ਮੀਰੀ ਨੌਜਵਾਨਾਂ ਦੀ ਇਸ ਬਹਾਦਰੀ ਤੇ ਫੌਜ ਦੀ ਮਦਦ ਦਾ ਵੀਡੀਓ ਵਾਇਰਲ ਹੋਣ ਮਗਰੋਂ ਇੱਕ ਵੱਡਾ ਸੁਨੇਹਾ ਦਿੱਤਾ ਜਾ ਰਿਹਾ ਹੈ। ਇਸ 'ਤੇ ਭਾਰਤੀ ਫੌਜ ਦੀ ਨਾਰਦਨ ਕਮਾਂਡ ਨੇ ਟਵੀਟ ਕਰ ਕੇ ਇਹਨਾਂ ਨੌਜਵਾਨਾਂ ਨੂੰ ਧੰਨਵਾਦ ਕੀਤਾ ਹੈ।
ਕਸ਼ਮੀਰੀ ਨੌਜਵਾਨਾਂ ਵੱਲੋਂ ਫੌਜ ਦੀ ਮਦਦ ਦੀ ਇਸ ਵੀਡੀਓ ਤੋਂ ਪਾਕਿਸਤਾਨ ਨੂੰ ਇੱਕ ਵੱਡਾ ਸਬਕ ਲੈਣਾ ਚਾਹੀਦਾ ਹੈ। ਕਿਉਂਕਿ ਪਾਕਿ ਹਮੇਸ਼ਾ ਤੋਂ ਪ੍ਰਚਾਰ ਕਰ ਰਿਹਾ ਹੈ ਕਿ ਕਸ਼ਮੀਰੀ ਲੋਕ ਭਾਰਤ ਤੋਂ ਅਜਾਦੀ ਚਾਹੁੰਦੇ ਹਨ ਤੇ ਭਾਰਤ ਸਰਕਾਰ ਤੇ ਫੌਜ ਤੋਂ ਦੁਖੀ ਹਨ। ਪਰ ਜੇਕਰ ਅਜਿਹਾ ਹੁੰਦਾ ਤਾਂ ਇਹ ਕਸ਼ਮੀਰੀ ਨੌਜਵਾਨ ਕਦੇ ਵੀ ਫੌਜ ਦੀ ਮਦਦ ਨਾ ਕਰਦੇ। ਅਜਿਹੇ 'ਚ ਨਵਾਜ਼ ਸ਼ਰੀਫ ਸਰਕਾਰ ਨੂੰ ਕੁੱਝ ਸਮਝਣਾ ਚਾਹੀਦਾ ਹੈ।