ਕਾਨਪੁਰ: ਇੱਕ ਮਹਿਲਾ ਜੱਜ ਨੇ ਖੁਦਕੁਸ਼ੀ ਕਰ ਲਈ ਹੈ। ਕਾਨਪੁਰ ਦੀ ਜੁਆਇੰਟ ਮੈਜਿਸਟਰੇਟ ਵੱਲੋਂ ਆਪਣੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖਬਰ ਹੈ। ਹਾਲਾਂਕਿ ਉਸ ਦੇ ਸਰੀਰ ’ਤੇ ਸੱਟਾਂ ਦੇ ਕੁੱਝ ਨਿਸ਼ਾਨ ਵੀ ਮਿਲੇ ਹਨ। ਅਜਿਹੇ 'ਚ ਪੁਲਿਸ ਵੱਲੋਂ ਉਸ ਦੇ ਪਤੀ ਅਤੇ ਹੋਰ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪ੍ਰਤਿਭਾ ਗੌਤਮ ਜੁਆਇੰਟ ਮੈਜਿਸਟਰੇਟ ਦੀ ਉਸ ਦੀ ਲਾਸ਼ ਸਰਕਟ ਕਲੋਨੀ ਵਿਚਲੇ ਉਸ ਦੇ ਘਰ ਅੰਦਰ ਲਟਕਦੀ ਮਿਲੀ ਹੈ। ਪ੍ਰਤਿਭਾ ਦਾ ਪਤੀ ਜਦ ਘਰ ਆਇਆ ਤਾਂ ਉਸ ਨੇ ਲਾਸ਼ ਲਟਕਦੀ ਦੇਖੀ। ਇਸ 'ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਤਾਬਕ ਪ੍ਰਤਿਭਾ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹੋਣ ਕਾਰਨ ਉਸ ਦੇ ਪਤੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ 'ਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ।