ਮੋਹਾਲੀ - ਭਾਰਤ ਅਤੇ ਇੰਗਲੈਂਡ ਵਿਚਾਲੇ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ 'ਚ ਖੇਡੇ ਜਾ ਰਹੇ ਟੈਸਟ ਮੈਚ 'ਚ ਭਾਰਤੀ ਟੀਮ ਬੇਹਦ ਮਜਬੂਤ ਸਥਿਤੀ 'ਚ ਪਹੁੰਚ ਗਈ ਹੈ। ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ 'ਚ ਭਾਰਤੀ ਟੀਮ ਨੇ ਇੰਗਲੈਂਡ ਖਿਲਾਫ 71 ਰਨ ਦੀ ਲੀਡ ਹਾਸਿਲ ਕਰ ਲਈ ਹੈ।
ਅਸ਼ਵਿਨ-ਜਡੇਜਾ ਹਿਟ
ਟੀਮ ਇੰਡੀਆ ਨੇ ਮੈਚ ਦੇ ਦੂਜੇ ਦਿਨ ਇੱਕ ਸਮੇਂ 204 ਰਨ 'ਤੇ 6 ਵਿਕਟ ਗਵਾ ਦਿੱਤੇ ਸਨ। ਪਰ ਅਸ਼ਵਿਨ ਅਤੇ ਜਡੇਜਾ ਨੇ ਮਿਲਕੇ ਭਾਰਤੀ ਪਾਰੀ ਨੂੰ ਸੰਭਾਲਿਆ। ਅਸ਼ਵਿਨ ਨੇ ਅਰਧ-ਸੈਂਕੜਾ ਠੋਕਿਆ ਜਦਕਿ ਜਡੇਜਾ ਨੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਨਾਬਾਦ 31 ਰਨ ਬਣਾ ਲਏ ਸਨ। ਦੋਨਾ ਨੇ ਮਿਲਕੇ 7ਵੇਂ ਵਿਕਟ ਲਈ 67 ਰਨ ਦੀ ਨਾਬਾਦ ਪਾਰਟਨਰਸ਼ਿਪ ਕਰ ਲਈ ਸੀ। ਅਸ਼ਵਿਨ ਅਤੇ ਜਡੇਜਾ ਦੇ ਆਸਰੇ ਟੀਮ ਇੰਡੀਆ ਦੂਜੇ ਦਿਨ ਦੇ ਖੇਡ ਦੌਰਾਨ ਹੀ ਇੰਗਲੈਂਡ ਦੇ ਸਕੋਰ ਦੀ ਬਰਾਬਰੀ ਦੇ ਨੇੜ ਪਹੁੰਚ ਗਈ।
ਮੈਚ ਦੇ ਤੀਜੇ ਦਿਨ ਦੋਨਾ ਨੇ ਮਿਲਕੇ ਭਾਰਤ ਨੂੰ 300 ਰਨ ਦੇ ਪਾਰ ਪਹੁੰਚਾਇਆ। ਪਰ ਫਿਰ ਅਸ਼ਵਿਨ 72 ਰਨ ਬਣਾ ਕੇ ਆਪਣਾ ਵਿਕਟ ਗਵਾ ਬੈਠੇ। ਇਸਤੋਂ ਬਾਅਦ ਜਡੇਜਾ ਨੇ ਜਯੰਤ ਯਾਦਵ ਨਾਲ ਮਿਲਕੇ ਸਕੋਰ ਨੂੰ ਅੱਗੇ ਵਧਾਇਆ ਅਤੇ ਲੰਚ ਵੇਲੇ ਤਕ ਟੀਮ ਨੂੰ ਹੋਰ ਝਟਕਾ ਨਹੀਂ ਲਗਣ ਦਿੱਤਾ। ਜਡੇਜਾ 70 ਰਨ ਬਣਾ ਕੇ ਅਤੇ ਯਾਦਵ 26 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ।