ਵਿਸ਼ਾਖਾਪਟਨਮ - ਟੀਮ ਇੰਡੀਆ ਨੇ ਵਿਸ਼ਾਖਾਪਟਨਮ 'ਚ ਇੰਗਲੈਂਡ ਖਿਲਾਫ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਕਪਤਾਨ ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਸੈਂਕੜੇ ਜੜ ਫੈਸਲੇ ਨੂੰ ਸਹੀ ਸਾਬਿਤ ਕਰ ਵਿਖਾਇਆ। ਪਹਿਲੇ ਦਿਨ ਟੀਮ ਇੰਡੀਆ ਨੇ 4 ਵਿਕਟ ਗਵਾ ਕੇ 317 ਰਨ ਬਣਾਏ।
ਸਲਾਮੀ ਜੋੜੀ ਫਲਾਪ
ਟੀਮ ਇੰਡੀਆ ਲਈ ਮੁਰਲੀ ਵਿਜੈ ਅਤੇ ਲੋਕੇਸ਼ ਰਾਹੁਲ ਦੀ ਸਲਾਮੀ ਜੋੜੀ ਨੇ ਨਿਰਾਸ਼ਾਜਨਕ ਖੇਡ ਵਿਖਾਇਆ। ਲਗਭਗ 2 ਮਹੀਨੇ ਬਾਅਦ ਟੀਮ ਇੰਡੀਆ 'ਚ ਵਾਪਸੀ ਕਰ ਰਹੇ ਲੋਕੇਸ਼ ਰਾਹੁਲ ਬਿਨਾ ਖਾਤਾ ਖੋਲੇ ਹੋ ਆਪਣਾ ਵਿਕਟ ਗਵਾ ਬੈਠੇ। ਜਲਦੀ ਹੀ ਮੁਰਲੀ ਵਿਜੈ ਵੀ 21 ਗੇਂਦਾਂ 'ਤੇ 20 ਰਨ ਬਣਾ ਕੇ ਐਂਡਰਸਨ ਦੀ ਗੇਂਦ 'ਤੇ ਆਊਟ ਹੋ ਗਏ। ਟੀਮ ਇੰਡੀਆ ਦੀ ਸਲਾਮੀ ਜੋੜੀ 22 ਰਨ ਦੇ ਸਕੋਰ ਤਕ ਹੀ ਪੈਵਲੀਅਨ ਪਰਤ ਗਈ ਸੀ।
ਵਿਰਾਟ-ਪੁਜਾਰਾ ਦੇ ਸੈਂਕੜੇ
ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਸੰਭਾਲਿਆ। ਦੋਨਾ ਨੇ ਮਿਲਕੇ ਤੀਜੇ ਵਿਕਟ ਲਈ 226 ਰਨ ਦੀ ਪਾਰਟਨਰਸ਼ਿਪ ਕੀਤੀ। ਚੇਤੇਸ਼ਵਰ ਪੁਜਾਰਾ ਨੇ 202 ਗੇਂਦਾਂ 'ਤੇ 119 ਰਨ ਦੀ ਪਾਰੀ ਖੇਡੀ। ਪੁਜਾਰਾ ਦੀ ਪਾਰੀ 'ਚ 12 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਵਿਰਾਟ ਕੋਹਲੀ ਨੇ ਆਪਣਾ ਸੈਂਕੜਾ 154 ਗੇਂਦਾਂ 'ਤੇ ਪੂਰਾ ਕੀਤਾ। ਦਿਨ ਦਾ ਖੇਡ ਖਤਮ ਹੋਣ ਤਕ ਵਿਰਾਟ ਕੋਹਲੀ 151 ਰਨ ਬਣਾ ਕੇ ਨਾਬਾਦ ਰਹੇ। ਦਿਨ ਦਾ ਖੇਡ ਖਤਮ ਹੋਣ ਤੋਂ ਪਹਿਲਾਂ ਅਜਿੰਕਿਆ ਰਹਾਣੇ 23 ਰਨ ਬਣਾ ਕੇ ਆਊਟ ਹੋਏ। ਵਿਰਾਟ ਕੋਹਲੀ ਦੇ ਨਾਲ ਆਰ. ਅਸ਼ਵਿਨ ਮੈਦਾਨ 'ਤੇ ਡਟੇ ਹੋਏ ਸਨ।