ਮੁੰਬਈ: ਭਾਰਤ-ਵੈਸਟਇੰਡੀਜ਼ ‘ਚ ਟੀ-20 ਦਾ ਪਹਿਲਾ ਮੁਕਾਬਲਾ ਐਤਵਾਰ ਸ਼ਾਮ ਕੋਲਕਾਤਾ ਦੇ ਈਡਨ ਗਾਰਡਨ ‘ਚ ਸ਼ੁਰੂ ਹੋਣਾ ਹੈ। ਭਾਰਤੀ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਟੈਸਟ ਸੀਰੀਜ਼ 2-0 ਤੇ ਵਨਡੇ ਸੀਰੀਜ਼ 3-1 ਨਾਲ ਜਿੱਤ ਚੁੱਕੀ ਹੈ। ਅੱਜ ਤੋਂ ਸ਼ੁਰੂ ਹੋ ਰਹੇ ਮੈਚ ‘ਚ ਭਾਰਤੀ ਟੀਮ ਵਿਰਾਟ ਕੋਹਲੀ ਤੇ ਮਹੇਂਦਰ ਸਿੰਘ ਧੋਨੀ ਤੋਂ ਬਿਨਾਂ ਮੈਦਾਨ ‘ਚ ਉੱਤਰੇਗੀ। ਇਸ ‘ਚ ਕਪਤਾਨੀ ਦਾ ਜਿੰਮਾ ਰੋਹਿਤ ਸ਼ਰਮਾ ਨੇ ਸੰਭਾਲਣਾ ਹੈ।



ਮੈਚ ਦਾ ਪ੍ਰਸਾਰਣ ਸ਼ਾਮ 7 ਵਜੇ ਤੋਂ ਸਟਾਰ ਸਪੋਰਟਸ ਨੈੱਟਵਰਕ ‘ਤੇ ਹੋਣਾ ਹੈ। ਧੋਨੀ ਦੀ ਥਾਂ ਮੈਚ ‘ਚ ਵਿਕੇਟਕੀਪਿੰਗ ਦੀ ਕਮਾਨ ਰਿਸ਼ਭ ਪੰਤ ਸੰਭਾਲਣਗੇ, ਤਾਂ ਜੋ ਉਹ 2020 ‘ਚ ਹੋਣ ਵਾਲੇ ਟੀ-20 ਵਰਲਡ ਕੱਪ ‘ਚ ਆਪਣੀ ਥਾਂ ਟੀਮ ‘ਚ ਪੱਕੀ ਕਰ ਸਕਣ। ਪੰਤ ਹੁਣ ਤਕ ਪੰਜ ਟੈਸਟ, ਤਿੰਨ ਵਨਡੇ ਤੇ ਚਾਰ ਟੀ-20 ਮੈਚ ਖੇਡ ਚੁੱਕਿਆ ਹੈ।

ਇਸ ਤੋਂ ਇਲਾਵਾ ਟੀਮ ‘ਚ ਵਿਕੇਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਵੀ ਹੈ, ਜੋ ਮੈਚ ‘ਚ ਬੱਲੇਬਾਜ਼ੀ ਲਈ ਉੱਤਰੇਗਾ। ਜੇਕਰ ਹੋਰ ਖਿਡਾਰੀਆਂ ਦੀ ਗੱਲ ਕਰੀਏ ਤਾਂ ਸ਼੍ਰੇਯਸ ਅਈਅਰ, ਵਾਸ਼ਿੰਗਟਨ ਸੁੰਦਰ ਤੇ ਸ਼ਾਹਬਾਜ ਨਦੀਮ ਦੇ ਖੇਡ ‘ਤੇ ਵੀ ਫੈਨ ਦੀ ਨਜ਼ਰ ਰਹੇਗੀ। ਸੁੰਦਰ ਨਿਦਾਹਾਸ ਟ੍ਰੌਫੀ ਤੋਂ ਬਾਅਦ ਪਹਿਲੀ ਵਾਰ ਟੀਮ ਨਾਲ ਜੁੜੇ ਹਨ।



ਜੇਕਰ ਦੋਵਾਂ ਟੀਮਾਂ ਦੇ ਸਕਸੈੱਸ ਰੇਟ ਦੀ ਗੱਲ ਕਰੀਏ ਤਾਂ ਦੋਨਾਂ ਨੇ ਅਜੇ ਤਕ ਅੱਠ ਮੈਚ ਖੇਡੇ ਹਨ ਜਿਨ੍ਹਾਂ ‘ਚ ਪੰਜ ਮੈਚ ਵੈਸਟਇੰਡੀਜ਼ ਨੇ ਆਪਣੇ ਨਾਂ ਕੀਤੇ ਤੇ ਦੋ ਭਾਰਤ ਨੇ ਤੇ ਇੱਕ ਮੈਚ ਬੇਨਤੀਜਾ ਰਿਹਾ।

ਈਡਨ ਗਾਰਡਨ ਸਟੇਡੀਅਮ ‘ਚ ਭਾਰਤ ਦਾ ਇਹ ਤੀਜਾ ਮੈਚ ਹੈ। ਇਸ ਤੋਂ ਪਹਿਲਾਂ 2011 ‘ਚ ਇੰਗਲੈਂਡ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ ਸੀ ਤੇ ਪਿੱਛਲੀ ਵਾਰ 2016 ‘ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਹੁਣ ਇਸ ਸਾਲ 2018 ਦਾ ਇਹ ਮੈਚ ਕਿਸ ਦੀ ਝੋਲੀ ਜਿੱਤ ਪਾਉਂਦਾ ਹੈ, ਇਹ ਦੇਖਣਾ ਖਾਸ ਰਹੇਗਾ।