ਚੰਡੀਗੜ੍ਹ: ਸਿਡਨੀ ਵਿੱਚ ਖੇਡੇ ਜਾ ਰਹੇ ਪਹਿਲੇ ਇੱਕ ਦਿਨਾ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 289 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਵੱਲੋਂ ਕੁਲਦੀਪ ਯਾਦਵ ਤੇ ਭੁਵਨੇਸ਼ਵਰ ਕੁਮਾਰ ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਪਰ ਸ਼ੁਰੂਆਤ ਕੁਝ ਚੰਗੀ ਨਹੀਂ। ਚਾਰ ਓਵਰਾਂ ਵਿੱਚ ਭਾਰਤ ਨੇ ਤਿੰਨ ਵਿਕਟਾਂ ਗਵਾ ਦਿੱਤੀਆਂ ਹਨ। ਹੁਣ ਰੋਹਿਤ ਸ਼ਰਮਾ ਤੇ ਮਹੇਂਦਰ ਸਿੰਘ ਧੋਨੀ ਕਰੀਜ਼ ’ਤੇ ਬਣੇ ਹੋਏ ਹਨ। ਭਾਰਤ ਨੇ ਹੁਣ ਤਕ 100 ਦੌੜਾਂ ਜੋੜ ਲਈਆਂ ਹਨ।



ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉੱਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਕੁਝ ਚੰਗੀ ਨਹੀਂ ਰਹੀ। ਤੀਜੇ ਓਵਰ ਵਿੱਚ ਉਸ ਦੀ ਪਹਿਲੀ ਵਿਕਟ (ਐਰਾਨ ਫਿੰਚ) ਡਿੱਗ ਗਈ ਸੀ। ਇਸ ਪਿੱਛੋਂ ਹੈਂਡਸਕਾਂਬ (73), ਉਸਮਾਨ ਖ਼ਵਾਜਾ (59) ਤੇ ਸ਼ਾਨ ਮਾਰਸ਼ (54) ਨੇ ਅੱਧ ਸੈਂਕੜੇ ਦੀ ਪਾਰੀ ਖੇਡਦਿਆਂ ਟੀਮ ਨੂੰ 50ਵੇਂ ਓਵਰ ਵਿੱਚ 288 ਦੌੜਾਂ ’ਤੇ ਪਹੁੰਚਾਇਆ।



ਉੱਧਰ, 289 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਕੁਝ ਚੰਗੀ ਨਹੀਂ ਰਹੀ। ਟੀਮ ਨੇ ਚਾਰ ਓਵਰਾਂ ਵਿੱਚ ਤਿੰਨ ਵਿਕਟਾਂ ਗਵਾ ਦਿੱਤੀਆਂ ਹਨ। ਸ਼ਿਖਰ ਧਵਨ ਪਹਿਲੇ ਤੇ ਕਪਤਾਨ ਵਿਰਾਟ ਕੋਹਲੀ ਚੌਥੇ ਓਵਰ ਵਿੱਚ ਪੈਵੇਲੀਅਨ ਪਰਤ ਆਏ। ਕੋਹਲੀ ਮਗਰੋਂ ਉਸੇ ਓਵਰ ਵਿੱਚ ਅੰਬਾਤੀ ਰਾਇਡੂ ਵੀ ਆਊਟ ਹੋ ਗਿਆ।