India vs England T20I Series: ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ20 ਮੁਕਾਬਲੇ 'ਚ ਇੰਗਲੈਂਡ ਨੇ ਇੰਡੀਆ ਨੂੰ 8 ਵਿਕੇਟ ਨਾਲ ਹਰਾ ਦਿੱਤਾ। ਇੰਗਲੈਂਡ ਨੂੰ ਇੰਡੀਆ ਨੇ 157 ਰਨ ਦੀ ਚੁਣੌਤੀ ਦਿੱਤੀ ਸੀ। ਇੰਗਲੈਂਡ ਨੇ ਇਸ ਟੀਚੇ ਨੂੰ 18.2 ਓਵਰ 'ਚ ਪੂਰਾ ਕਰ ਲਿਆ। ਇੰਗਲੈਂਡ ਦੇ ਸਟਾਰ ਖਿਡਾਰੀ ਜੋਸ ਬਟਲਰ ਨੇ 83 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਇੰਗਲੈਂਡ ਨੇ ਸੀਰੀਜ਼ 'ਚ 2-1 ਨਾਲ ਬੜ੍ਹਤ ਬਣਾ ਲਈ।


ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਦੀ 77 ਦੌੜਾਂ ਦੀ ਦਮਦਾਰ ਪਾਰੀ ਦੀ ਬਦੌਲਤ ਛੇ ਵਿਕਟਾਂ 'ਤੇ 156 ਰਨ ਬਣਾਏ। ਭਾਰਤ ਤੋਂ ਮਿਲੇ 156 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਟੀਮ ਇੰਗਲੈਂਡ ਲਈ ਜੇਸਨ ਰੌਏ ਤੇ ਬਟਲਰ ਨੇ ਪਹਿਲੇ ਵਿਕੇਟ ਲਈ 23 ਰਨ ਜੋੜੇ। ਇਸ ਤੋਂ ਬਾਅਦ ਰਾਏ ਆਊਟ ਹੋ ਗਏ। ਹਾਲਾਂਕਿ ਬਟਲਰ ਨੇ ਡੇਵਿਡ ਮਲਾਨ ਦੇ ਨਾਲ ਦੂਜੇ ਵਿਕੇਟ ਲਈ 39 ਗੇਦਾਂ 'ਤੇ 58 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਮਜਬੂਤੀ ਦਿੱਤੀ।


ਮਲਾਨ ਨੇ 17 ਗੇਂਦਾਂ 'ਤੇ ਇਕ ਛੱਕਾ ਲਾਇਆ। ਮਲਾਨ ਦੇ ਆਊਟ ਹੋਣ ਤੋਂ ਬਾਅਦ ਬਟਲਰ ਨੇ ਜੌਨੀ ਬੇਅਰਸਟੋ ਦੇ ਨਾਲ ਤੀਜੇ ਵਿਕੇਟ ਲਈ 77 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ 8 ਵਿਕੇਟ ਨਾਲ ਸ਼ਾਨਦਾਰ ਜਿੱਤ ਦਿਵਾ ਦਿੱਤੀ।


ਭਾਰਤੀ ਦੀ ਸ਼ੁਰੂਆਤ ਰਹੀ ਖਰਾਬ


ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੇਜ਼ਬਾਨ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਪਹਿਲੇ 6 ਓਵਰਾਂ ਦੇ ਪਾਵਰਪਲੇਅ 'ਚ 24 ਰਨ ਹੀ ਬਣਾ ਸਕੀ ਤੇ ਤਿੰਨ ਵਿਕੇਟ ਵੀ ਗਵਾ ਲਏ। ਇਨ੍ਹਾਂ ਤਿੰਨਾਂ ਵਿਕਟਾਂ 'ਚ ਲੋਕੇਸ਼ ਰਾਹੁਲ ਲਗਾਤਾਰ ਦੂਜੀ ਵਾਰ ਆਪਣਾ ਖਾਤਾ ਨਹੀਂ ਖੋਲ ਸਕੇ। ਜਦਕਿ ਇਸ ਮੈਚ ਵਿਚ ਵਾਪਸੀ ਕਰਨ ਵਾਲੇ ਰੋਹਿਤ ਸ਼ਰਮਾ ਤੇ ਪਿਛਲੇ ਮੈਚ 'ਚ ਆਪਣੇ ਡੈਬਿਊ 'ਚ ਅਰਧ ਸੈਂਕੜਾ ਜੋੜਨ ਵਾਲੇ ਇਸ਼ਾਨ ਕਿਸ਼ਨ ਦੇ ਵਿਕੇਟ ਸ਼ਾਮਲ ਸਨ।


ਕੋਹਲੀ ਨੇ ਆਪਣੇ ਕਰੀਅਰ ਦਾ 27ਵਾਂ ਤੇ ਲਗਾਤਾਰ ਦੂਜਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ 46 ਗੇਦਾਂ 'ਤੇ ਅੱਠ ਚੌਕੇ ਤੇ ਚਾਰ ਛੱਕੇ ਲਾਏ। ਪਾਂਡਿਆ ਨੇ 15 ਗੇਂਦਾ 'ਤੇ ਦੋ ਛੱਕੇ ਲਾਏ। ਭਾਰਤ ਨੇ ਅੰਤਿਮ 10 ਓਵਰਾਂ 'ਚ 101 ਰਨ ਬਣਾਏ। ਇੰਗਲੈਂਡ ਲਈ ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਚਾਰ ਓਵਰ 'ਚ 31 ਰਨ ਦੇਕੇ ਤਿੰਨ ਵਿਕੇਟ ਲਏ। ਉਨ੍ਹਾਂ ਤੋਂ ਇਲਾਵਾ ਕ੍ਰਿਸ ਜੌਰਡਨ ਨੂੰ ਸਫਲਤਾ ਮਿਲੀ।