India vs England:  ਇੰਗਲੈਂਡ ਹੱਥੋਂ ਮਿਲੀ ਹਾਰ ਤੋਂ ਨਿਰਾਸ਼ ਵਿਰਾਟ ਕੋਹਲੀ, ਦੱਸਿਆ ਕਿੱਥੇ ਰਹਿ ਗਈ ਕਮੀ India vs England: ਟੈਸਟ ਸੀਰੀਜ਼ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੀ ਟੀਮ ਇੰਡੀਆ ਦੀ ਟੀ20 ਸੀਰੀਜ਼ 'ਚ ਬੇਹੱਦ ਨਿਰਾਸ਼ਾਜਨਕ ਸ਼ੁਰੂਆਤ ਹੋਈ। ਮੋਟੇਰਾ ਦੇ ਨਰੇਂਦਰ ਮੋਦੀ ਸਟੇਡੀਅਮ 'ਚ ਖੇਡੇ ਗਏ ਪਹਿਲੇ ਟੀ-20 ਮੁਕਾਬਲੇ 'ਚ ਵਿਰਾਟ ਦੀ ਫੌਜ ਨੂੰ ਅੱਠ ਵਿਕਟਾਂ ਨਾਲ ਕਰਾਰੀ ਹਾਰ ਸਹਿਣੀ ਪਈ।


ਇੰਗਲੈਂਡ ਨੇ ਟੌਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਦਿਆਂ ਮੇਜ਼ਬਾਨ ਇੰਡੀਆ ਨੂੰ 20 ਓਵਰਾਂ 'ਚ ਸਿਰਫ 124 ਦੌੜਾਂ 'ਤੇ ਰੋਕ ਦਿੱਤਾ ਸੀ ਤੇ ਫਿਰ ਮਹਿਜ਼ 15.3 ਓਵਰ 'ਚ 2 ਵਿਕਟ ਦੇ ਨੁਕਸਾਨ ਤੇ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਲਿਆ।


ਇੰਗਲੈਂਡ ਦੀ ਇਸ ਧਮਾਕੇਦਾਰ ਜਿੱਤ ਦੇ ਹੀਰੋ ਰਹੇ ਤੇਜ਼ ਗੇਦਬਾਜ਼ ਜੋਫਰਾ ਆਰਚਰ। ਉਨ੍ਹਾਂ ਆਪਣੇ ਚਾਰ ਓਵਰਾਂ 'ਚ ਇਕ ਮੇਡਨ ਦੇ ਨਾਲ ਸਿਰਫ 23 ਰਨ ਦੇਕੇ ਤਿੰਨ ਮਹੱਤਵਪੂਰਨ ਵਿਕੇਟ ਝਟਕਾਏ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਉਨ੍ਹਾਂ ਨੂੰ 'ਮੈਨ ਆਫ ਦਾ ਮੈਚ' ਐਵਾਰਡ ਵੀ ਦਿੱਤਾ ਗਿਆ। ਉੱਥੇ ਹੀ ਬੱਲੇਬਾਜ਼ੀ 'ਚ ਇੰਗਲੈਂਡ ਲਈ ਜੇਸਨ ਰੌਏ ਨੇ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜੋਸ ਬਟਲਰ ਨੇ 28, ਡੇਵਿਡ ਮਲਾਨ ਨੇ ਨਾਬਾਦ 24 ਤੇ ਜਾਨੀ ਬੇਅਰਸਟੋ ਨੇ ਨਾਬਾਦ 26 ਦੌੜਾਂ ਦਾ ਯੋਗਦਾਨ ਦਿੱਤਾ।


ਇੰਗਲੈਂਡ ਖਿਲਾਫ ਮਿਲੀ ਇਸ ਤਰ੍ਹਾਂ ਦੀ ਹਾਰ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਕਾਫੀ ਨਿਰਾਸ਼ ਹਨ। ਮੈਚ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਪਤਾ ਹੀ ਨਹੀਂ ਸੀ ਕਿ ਇਸ ਪਿੱਚ 'ਤੇ ਕੀ ਕਰਨਾ ਹੈ। ਕੋਹਲੀ ਨੇ ਪਿਚ ਨੂੰ ਹਾਰ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਿਚ ਨੇ ਉਨ੍ਹਾਂ ਦੀ ਟੀਮ ਨੂੰ ਖੁੱਲ੍ਹ ਕੇ ਖੇਡਣ ਨਹੀਂ ਦਿੱਤਾ।


ਪਿਚ ਨੇ ਸਾਨੂੰ ਉਹ ਸ਼ੌਟਸ ਨਹੀਂ ਖੇਡਣ ਦਿੱਤੇ ਜੋ ਅਸੀਂ ਖੇਡਣਾ ਚਾਹੁੰਦੇ ਸੀ- ਕੋਹਲੀ


ਮੈਚ ਤੋਂ ਬਾਅਦ ਕਪਤਾਨ ਕੋਹਲੀ ਨੇ ਕਿਹਾ, 'ਇਸ ਪਿੱਚ 'ਤੇ ਕੀ ਕਰਨਾ ਚਾਹੀਦਾ ਸੀ, ਸਾਨੂੰ ਇਸ ਬਾਰੇ ਨਹੀਂ ਪਤਾ ਸੀ। ਅਸੀਂ ਜਿਸ ਤਰ੍ਹਾਂ ਦੇ ਸ਼ੌਟਸ ਖੇਡੇ, ਉਹ ਸਹੀ ਨਹੀਂ ਸਨ। ਸਾਨੂੰ ਅੱਗੇ ਉਸ 'ਚ ਸੁਧਾਰ ਕਰਨਾ ਹੋਵੇਗਾ। ਪਿੱਚ ਨੇ ਸਾਨੂੰ ਉਹ ਸ਼ੌਟਸ ਖੇਡਣ ਨਹੀਂ ਦਿੱਤੇ ਜੋ ਅਸੀਂ ਖੇਡਣਾ ਚਾਹੁੰਦੇ ਸੀ। ਸਾਡੀ ਬੱਲੇਬਾਜ਼ੀ ਕਾਫੀ ਖਰਾਬ ਰਹੀ। ਅਸੀਂ ਕੁਝ ਚੀਜ਼ਾਂ ਅਜਮਾਉਣਾ ਚਾਹੁੰਦੇ ਸੀ ਪਰ ਸਾਨੂੰ ਇਹ ਮੰਨਣਾ ਪਵੇਗਾ ਕਿ ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਸ੍ਰੇਅਸ ਅਈਅਰ ਨੇ ਬਿਹਤਰੀਨ ਪਾਰੀ ਖੇਡੀ ਪਰ ਅਸੀਂ ਵੱਡਾ ਸਕੋਰ ਖੜਾ ਕਰਨ 'ਚ ਅਸਫਲ ਰਹੇ।'


ਇਸ ਮੈਚ ਵਿਚ ਵਿਰਾਟ ਕੋਹਲੀ ਬਿਨਾਂ ਖਾਤਾ ਖੋਲ੍ਹਿਆਂ ਹੀ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਆਦਿਲ ਰਸ਼ੀਦ ਨੇ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ ਇੰਗਲੈਂਡ ਖਿਲਾਫ ਚੌਥੇ ਟੈਸਟ 'ਚ ਕੋਹਲੀ ਸਿਫਰ 'ਤੇ ਹੀ ਆਊਟ ਹੋ ਗਏ ਸਨ। ਇਸ ਤਰ੍ਹਾਂ ਆਪਣੇ ਕਰੀਅਰ 'ਚ ਉਹ ਪਹਿਲੀ ਵਾਰ ਲਗਾਤਾਰ ਦੋ ਵਾਰ ਸਿਫਰ 'ਤੇ ਆਊਟ ਹੋਏ।


ਆਪਣੇ ਖਰਾਬ ਪ੍ਰਦਰਸ਼ਨ ਤੇ ਕੋਹਲੀ ਨੇ ਕਿਹਾ, 'ਇਹ ਇੰਟਰਨੈਸ਼ਨਲ ਕ੍ਰਿਕਟ ਦਾ ਇਕ ਹਿੱਸਾ ਹੈ। ਇਸ 'ਚ ਉਤਰਾਅ-ਚੜਾਅ ਆਉਂਦੇ ਰਹਿੰਦੇ ਹਨ। ਆਪਣਾ ਦਿਨ ਹੋਣ 'ਤੇ ਤੁਸੀਂ ਵੱਡਾ ਸਕੋਰ ਕਰਦੇ ਹੋ। ਪਰ ਕਈ ਵਾਰ ਅਜਿਹਾ ਨਹੀਂ ਵੀ ਹੋ ਪਾਉਂਦਾ। ਸਾਨੂੰ ਖੁਦ 'ਤੇ ਭਰੋਸਾ ਰੱਖਣਾ ਪਵੇਗਾ।'