ਭਾਰਤੀ ਮੁਟਿਆਰਾਂ ਦੀ ਟੌਹਰ ਬਰਕਰਾਰ, ਪਾਕਿ ਨੂੰ 7 ਵਿਕਟਾਂ ਨਾਲ ਹਰਾਇਆ
ਏਬੀਪੀ ਸਾਂਝਾ | 12 Nov 2018 10:35 AM (IST)
ਚੰਡੀਗੜ੍ਹ: ਵੈਸਟ ਇੰਡੀਜ਼ ਵਿੱਚ ਚੱਲ ਰਹੇ ਆਈਸੀਸੀ ਮਹਿਲਾ ਵਰਲਡ ਟੀ-20 ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਨੇ ਐਤਵਾਰ ਨੂੰ ਖੇਡੇ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਖਿਲਾਫ 133 ਦੌੜਾਂ ਬਣਾਈਆਂ ਸੀ, ਜਿਸਨੂੰ ਭਾਰਤ ਨੇ 19 ਓਵਰਾਂ ਵਿੱਚ ਹੀ ਹਾਸਲ ਕਰ ਲਿਆ ਸੀ। ਭਾਰਤ ਲਈ ਸਭਤੋਂ ਜ਼ਿਆਦਾ ਦੌੜਾਂ ਮਿਤਾਲੀ ਰਾਜ ਨੇ ਬਣਾਈਆਂ। ਉਸ ਨੇ ਅੱਧ ਸੈਂਕੜਾ ਜੜ੍ਹ ਕੇ 56 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੂੰ ਜਿੱਤ ਦਵਾਈ। ਇਹ ਮਿਤਾਲੀ ਦੇ ਕਰੀਅਰ ਦਾ 16ਵਾਂ ਅੱਧ ਸੈਂਕੜਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ 133 ਦੌੜਾਂ ਬਣਾਈਆਂ ਸੀ। ਪਾਕਿਸਤਾਨ ਲਈ ਬਿਸਮਾਹ ਮਾਰੂਫ (53) ਤੇ ਨਿਦਾ ਡਾਰ (52) ਨੇ ਸ਼ਾਨਦਾਰ ਪਾਰੀ ਖੇਡੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਦੀ ਸ਼ੁਰੂਆਤ ਕੁਝ ਖ਼ਾਸ ਨਹੀਂ ਰਹੀ। ਸ਼ੁਰੂਆਤੀ 30 ਦੌੜਾਂ ਅੰਦਰ ਹੀ ਟੀਮ ਦੀਆਂ 3 ਵਿਕਟਾਂ ਡਿੱਗ ਗਈਆਂ। ਇਸ ਪਿੱਛੋਂ ਮਾਰੂਫ ਤੇ ਨਿਦਾ ਨੇ ਚੌਥੀ ਵਿਕਟ ਲਈ 94 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਪਾਕਿਸਤਾਨ ਨੂੰ 133 ਦੇ ਸਕੋਰ ਤਕ ਪਹੁੰਚਾਇਆ। 134 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਕਾਫੀ ਚੰਗੀ ਰਹੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਸੰਧਾਨਾ ਤੇ ਮਿਤਾਲੀ ਰਾਜ ਨੇ 73 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਸਮ੍ਰਿਤੀ 26 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਉਸਦੇ ਆਊਟ ਹੋਣ ਬਾਅਦ ਜੇਮਿਮਾ ਤੇ ਮਿਤਾਲੀ ਨੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਮਿਤਾਲੀ ਨੇ 56 ਦੌੜਾਂ ਬਣਾਈਆਂ। ਉਸਦੇ ਆਊਟ ਹੋਣ ਬਾਅਦ ਹਰਮਨਪ੍ਰੀਤ ਨੇ ਟੀਮ ਨੂੰ ਜਿੱਤ ਦਵਾਈ। ਉਸਨੇ 14 ਦੌੜਾਂ ਦੀ ਪਾਰੀ ਖੇਡੀ।