ਦੁਬਈ: ਭਾਰਤੀ ਟੀਮ ਨੇ ਏਸ਼ੀਆ ਕੱਪ ਵਿਚ ਜੇਤੂ ਹੈਟ੍ਰਿਕ ਲਗਾਈ ਹੈ। ਜਡੇਜਾ ਦੀ ਦਮਦਾਰ ਗੇਂਦਬਾਜ਼ੀ ਤੇ ਰੋਹਿਤ ਸ਼ਰਮਾ ਦੇ ਦਮਦਾਰ ਅਰਧ-ਸੈਂਕੜੇ ਨਾਲ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਆਸਾਨੀ ਨਾਲ ਮਾਤ ਦੇ ਦਿੱਤੀ। ਵੀਰਵਾਰ ਨੂੰ ਅਫਗਾਨਿਸਤਾਨ ਹੱਥੋਂ ਹਾਰ ਝੱਲਣ ਵਾਲੀ ਬੰਗਲਾਦੇਸ਼ ਦੀ ਟੀਮ ਭਾਰਤ ਸਾਹਮਣੇ ਵੀ ਚੁਣੌਤੀ ਪੇਸ਼ ਕਰਨ ਵਿਚ ਨਾਕਾਮ ਰਹੀ। ਭਾਰਤੀ ਟੀਮ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਸੁਪਰ 4 ਦੌਰ ਵਿਚ ਜੇਤੂ ਆਗਾਜ਼ ਕੀਤਾ।
ਜਡੇਜਾ ਦੀ ਫਿਰਕੀ ਨੇ ਘੁਮਾਏ ਬੰਗਲਾਦੇਸ਼ੀ ਬੱਲੇਬਾਜ਼
ਭਾਰਤੀ ਟੀਮ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਭੁਮਰਾ ਨੇ ਬੰਗਲਾਦੇਸ਼ ਨੂੰ ਸ਼ੁਰੂਆਤੀ ਝਟਕੇ ਦਿੱਤੇ। ਫੇਰ ਜਡੇਜਾ ਦੀ ਫਿਰਕੀ ਨੇ ਕਮਾਲ ਕਰਨਾ ਸ਼ੁਰੂ ਕੀਤਾ ਤੇ ਬੰਗਲਾਦੇਸ਼ ਦੀ ਅੱਧੀ ਟੀਮ 65 ਰਨ ਤੇ ਪੈਵਲੀਅਨ ਪਰਤ ਚੁੱਕੀ ਸੀ। ਇਸ ਤੋਂ ਬਾਅਦ ਮਹਮੁਦੁੱਲਾ (25), ਮਸ਼ਰਫੇ ਮੋਰਤਾਜਾ (26) ਅਤੇ ਮਾਹਿਦੀ ਹਸਨ ਮਿਰਾਜ (42) ਨੇ ਮਿਲਕੇ ਬੰਗਲਾਦੇਸ਼ ਨੂੰ 150 ਰਨ ਦਾ ਅੰਕੜਾ ਪਾਰ ਕਰਵਾਇਆ। ਬੰਗਲਾਦੇਸ਼ ਦੀ ਟੀਮ ਪਾਰੀ ਦੇ ਆਖਰੀ ਓਵਰ ਵਿਚ 173 ਰਨ 'ਤੇ ਢੇਰ ਹੋ ਗਈ। ਟੀਮ ਇੰਡੀਆ ਲਈ ਭੁਵਨੇਸ਼ਵਰ ਕੁਮਾਰ ਨੇ 10 ਓਵਰਾਂ ਵਿਚ 32 ਰਨ ਦੇਕੇ 3 ਵਿਕਟ ਝਟਕੇ। ਜਸਪ੍ਰੀਤ ਭੂਮਰਾ ਨੇ 9.1 ਓਵਰਾਂ ਵਿਚ 37 ਦੌੜਾਂ ਦੇਕੇ 3 ਵਿਕਟ ਹਾਸਿਲ ਕੀਤੇ। ਗੇਂਦਬਾਜ਼ੀ ਵਿਚ ਭਾਰਤੀ ਟੀਮ ਲਈ ਸਭ ਤੋਂ ਬੇਹਤਰੀਨ ਅੰਕੜੇ ਰਵਿੰਦਰ ਜਡੇਜਾ ਦੇ ਰਹੇ। ਜਡੇਜਾ ਨੇ 10 ਓਵਰਾਂ ਵਿਚ 29 ਰਨ ਦੇਕੇ 4 ਵਿਕਟ ਝਟਕੇ। ਯੁਜਵੇਂਦਰ ਚਾਹਲ ਤੇ ਕੁਲਦੀਪ ਯਾਦਵ ਦੀ ਗੇਂਦਬਾਜ਼ੀ ਕਿਫਾਇਤੀ ਸੀ ਪਰ ਦੋਨਾਂ ਦੇ ਖਾਤੇ ਵਿਚ ਕੋਈ ਵਿਕਟ ਨਹੀਂ ਆਇਆ।
ਰੋਹਿਤ-ਧਵਨ ਦੀ ਜੋੜੀ ਫੇਰ ਹਿੱਟ
174 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਨੂੰ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋੜੀ ਨੇ ਇੱਕ ਵਾਰ ਫੇਰ ਚੰਗੀ ਸ਼ੁਰੂਆਤ ਦਿੱਤੀ। ਦੋਨਾਂ ਨੇ ਮਿਲਕੇ ਪਹਿਲੇ ਵਿਕਟ ਲਈ 61 ਰਨ ਜੋੜੇ। ਫੇਰ ਸ਼ਿਖਰ ਧਵਨ 40 ਰਨ ਦਾ ਯੋਗਦਾਨ ਪਾ ਕੇ ਆਊਟ ਹੋ ਗਏ ਜਦਕਿ ਰੋਹਿਤ ਸ਼ਰਮਾ ਦੇ ਬੱਲੇ ਤੋਂ ਰਨ ਨਿਕਲਣ ਦਾ ਸਿਲਸਿਲਾ ਜਾਰੀ ਰਿਹਾ। ਰੋਹਿਤ ਸ਼ਰਮਾ ਨੇ ਦੂਜੇ ਵਿਕਟ ਲਈ ਰਾਇਡੂ ਨਾਲ ਮਿਲਕੇ 45 ਰਨ ਜੋੜੇ। ਫੇਰ ਰੋਹਿਤ ਸ਼ਰਮਾ ਨੇ ਮਹੇਂਦਰ ਸਿੰਘ ਧੋਨੀ ਨਾਲ ਮਿਲਕੇ ਤੀਜੇ ਵਿਕਟ ਲਈ 64 ਰਨ ਦੀ ਪਾਰਟਨਰਸ਼ਿਪ ਕੀਤੀ। ਜਦ ਧੋਨੀ ਆਊਟ ਹੋਏ ਤਾਂ ਟੀਮ ਇੰਡੀਆ ਦਾ ਸਕੋਰ 170 ਰਨ ਤਕ ਪਹੁੰਚ ਗਿਆ ਸੀ। ਇਸਤੋਂ ਬਾਅਦ ਰੋਹਿਤ ਸ਼ਰਮਾ ਨੇ ਕਾਰਤਿਕ ਨਾਲ ਮਿਲਕੇ ਟੀਮ ਇੰਡੀਆ ਨੂੰ ਜਿੱਤ ਦੇ ਪਾਰ ਪਹੁੰਚਾ ਦਿੱਤਾ। ਰੋਹਿਤ ਸ਼ਰਮਾ 83 ਰਨ ਬਣਾ ਕੇ ਨਾਬਾਦ ਰਹੇ। ਰੋਹਿਤ ਦੀ ਪਾਰੀ ਵਿਚ 5 ਚੌਕੇ ਤੇ 3 ਛੱਕੇ ਸ਼ਾਮਿਲ ਸਨ।
ਭਾਰਤੀ ਟੀਮ ਦੀ ਜੇਤੂ ਹੈਟ੍ਰਿਕ
ਏਸ਼ੀਆ ਕੱਪ ਦੇ ਪਹਿਲੇ ਮੈਚ ਵਿਚ ਹਾਂਗ ਕਾਂਗ ਤੇ ਦੂਜੇ ਮੈਚ ਵਿਚ ਪਾਕਿਸਤਾਨ ਨੂੰ ਮਾਤ ਦੇਣ ਵਾਲੀ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਵਿਚ ਜਿੱਤ ਦੀ ਹੈਟ੍ਰਿਕ ਲਗਾਈ। ਸ਼ੁੱਕਰਵਾਰ ਦੇ ਮੁਕਾਬਲੇ ਵਿਚ ਜਬਰਦਸਤ ਗੇਂਦਬਾਜ਼ੀ ਸਦਕਾ ਰਵਿੰਦਰ ਜਡੇਜਾ ਨੂੰ 'ਮੈਨ ਆਫ ਦ ਮੈਚ' ਚੁਣਿਆ ਗਿਆ।