ਐਂਟਿਗਾ: ਭਾਰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਟੈਸਟ ਮੈਚ ਵਿੱਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸਰ ਵਿਵੀਅਨ ਰਿਚਰਡਜ਼ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 318 ਦੌੜਾਂ ਨਾਲ ਮਾਤ ਦਿੱਤੀ।

ਇਸ ਜਿੱਤ ਵਿੱਚ ਭਾਰਤ ਦੇ ਉਪਕਪਤਾਨ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਸੈਂਕੜੇ (102 ਦੌੜਾਂ) ਤੇ ਹਨੁਮਾ ਵਿਹਾਰੀ (93) ਤੇ ਕਪਤਾਨ ਵਿਰਾਟ ਕੋਹਲੀ (51) ਨੇ ਅਰਧ ਸੈਂਕੜਿਆਂ ਦਾ ਯੋਗਦਾਨ ਪਾਇਆ। ਭਾਰਤ ਨੇ ਦੂਜੀ ਪਾਰੀ 343 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਅਤੇ ਵੈਸਟਇੰਡੀਜ਼ ਸਾਹਮਣੇ ਜਿੱਤ ਲਈ 419 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 100 ਦੌੜਾਂ 'ਤੇ ਹੀ ਸੁੰਗੜ ਗਈ।

ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ 297 ਦੌੜਾਂ ਦਾ ਸਕੋਰ ਬਣਾਇਆ ਸੀ ਤੇ ਵੈਸਟ ਇੰਡੀਜ਼ ਦੀ ਟੀਮ 222 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਭਾਰਤ ਨੂੰ ਪਹਿਲੀ ਪਾਰੀ ਤੋਂ ਹੀ 75 ਦੌੜਾਂ ਦੀ ਲੀਡ ਹਾਸਲ ਸੀ। ਭਾਰਤ ਨੇ ਬੀਤੇ ਕੱਲ੍ਹ ਆਪਣੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 185 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਠਰ੍ਹੰਮੇ ਨਾਲ ਮੈਚ ਆਪਣੇ ਨਾਂਅ ਕਰ ਲਿਆ।