ਨਵੀਂ ਦਿੱਲੀ - ਟੀਮ ਇੰਡੀਆ ਦੇ ਟੈਸਟ ਟੀਮ ਦੇ ਖਿਡਾਰੀ ਰੋਹਿਤ ਸ਼ਰਮਾ, ਰਿਧੀਮਾਨ ਸਾਹਾ ਅਤੇ ਭੁਵਨੇਸ਼ਵਰ ਕੁਮਾਰ ਨੇ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਿਲ (ICC) ਦੀ ਤਾਜ਼ਾ ਰੈਂਕਿੰਗ 'ਚ ਲੰਬੀ ਛਾਲ ਮਾਰੀ ਹੈ। ਸਾਹਾ, ਰੋਹਿਤ ਅਤੇ ਭੂਵੀ ਨੂੰ ਕੋਲਕਾਤਾ ਟੈਸਟ 'ਚ ਭਾਰਤ ਦੀ ਜਿੱਤ 'ਚ ਖਾਸ ਯੋਗਦਾਨ ਪਾਉਣ ਦਾ ਫਾਇਦਾ ਮਿਲਿਆ ਹੈ। ਪਰ ਨੰਬਰ 1 'ਤੇ ਪਹੁੰਚੀ ਟੀਮ ਇੰਡੀਆ ਦਾ ਕੋਈ ਵੀ ਬੱਲੇਬਾਜ ਟਾਪ 10 'ਚ ਨਹੀਂ ਹੈ। 

 
  

 

ICC ਵੱਲੋਂ ਮੰਗਲਵਾਰ ਨੂੰ ਜਾਰੀ ਟੈਸਟ ਰੈਂਕਿੰਗ 'ਚ ਸਾਹਾ ਨੇ ਬੱਲੇਬਾਜ਼ੀ 'ਚ 18 ਸਥਾਨਾਂ ਦੀ ਛਾਲ ਮਾਰਦੇ ਹੋਏ 56ਵਾਂ ਸਥਾਨ ਹਾਸਿਲ ਕਰ ਲਿਆ ਹੈ। ਸਾਹਾ ਨੇ ਕੋਲਕਾਤਾ ਟੈਸਟ ਦੀ ਦੋਨੇ ਪਰੀਆਂ 'ਚ ਅਰਧ-ਸੈਂਕੜੇ ਠੋਕੇ ਸਨ। 

  

 

ਰੋਹਿਤ ਸ਼ਰਮਾ ਨੇ ਵੀ 14 ਸਥਾਨਾਂ ਦੀ ਛਾਲ ਮਾਰਦੇ ਹੋਏ ICC ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ 'ਚ 38ਵਾਂ ਸਥਾਨ ਹਾਸਿਲ ਕੀਤਾ ਹੈ। ਨਿਊਜ਼ੀਲੈਂਡ ਖਿਲਾਫ ਜਾਰੀ ਟੈਸਟ ਸੀਰੀਜ਼ 'ਚ ਹੁਣ ਤਕ ਭਾਰਤ ਲਈ ਸਭ ਤੋਂ ਵਧ ਰਨ ਬਣਾਉਣ ਵਾਲੇ ਚੇਤੇਸ਼ਵਰ ਪੁਜਾਰਾ ਵੀ ਇੱਕ ਸਥਾਨ ਦੇ ਵਾਧੇ ਨਾਲ 15ਵੇਂ ਨੰਬਰ 'ਤੇ ਪਹੁੰਚ ਗਏ ਹਨ। ਬੱਲੇਬਾਜ਼ੀ 'ਚ ਟੀਮ ਇੰਡੀਆ ਲਈ ਅਜਿੰਕਿਆ ਰਹਾਣੇ ਸਭ ਤੋਂ ਉੱਤੇ ਹਨ। ਅਜਿੰਕਿਆ ਰਹਾਣੇ 11ਵੇਂ ਨੰਬਰ 'ਤੇ ਬਣੇ ਹੋਏ ਹਨ। 

  

 

ਗੇਂਦਬਾਜ਼ਾਂ ਦੀ ਰੈਂਕਿੰਗ 'ਚ ਭੁਵਨੇਸ਼ਵਰ ਕੁਮਾਰ ਨੇ 9 ਸਥਾਨਾਂ ਦੀ ਛਾਲ ਮਾਰਦੇ ਹੋਏ 26ਵਾਂ ਸਥਾਨ ਹਾਸਿਲ ਕਰ ਲਿਆ ਹੈ। ਗੇਂਦਬਾਜ਼ੀ 'ਚ ਹੀ ਮੋਹੰਮਦ ਸ਼ਮੀ 23ਵੇਂ ਸਥਾਨ 'ਤੇ ਟਿਕੇ ਹੋਏ ਹਨ।