ਰੌਬਟ ਦੀ ਰਿਪੋਰਟ
Hockey Team Reaches Punjab: ਟੋਕੀਓ ਓਲੰਪਿਕਸ ਵਿੱਚ 41 ਸਾਲਾਂ ਬਾਅਦ ਇਤਿਹਾਸ ਰਚਣ ਤੋਂ ਬਾਅਦ ਹਾਕੀ ਟੀਮ ਦੇ ਖਿਡਾਰੀ ਅੱਜ ਪੰਜਾਬ ਪਹੁੰਚ ਗਏ ਹਨ। ਹਾਕੀ ਟੀਮ ਵਿੱਚ ਸ਼ਾਮਲ ਰਾਜ ਦੇ ਖਿਡਾਰੀਆਂ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਇਹ ਸਾਰੇ ਖਿਡਾਰੀ ਜਲੰਧਰ ਛਾਉਣੀ ਪਹੁੰਚਣਗੇ ਜਿੱਥੇ ਇਨ੍ਹਾਂ ਖਿਡਾਰੀਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਸਾਰੇ ਖਿਡਾਰੀ ਰਾਤ ਨੂੰ ਮਿੱਠਾਪੁਰ ਵਿੱਚ ਰਾਤ ਦੇ ਖਾਣੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਟੀਮ ਦੇ ਖਿਡਾਰੀਆਂ ਦਾ ਇੱਥੇ ਪਹੁੰਚਣ 'ਤੇ ਢੋਲ ਤੇ ਭੰਗੜੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਖਿਡਾਰੀਆਂ ਦੇ ਪਰਿਵਾਰ ਉਨ੍ਹਾਂ ਦੇ ਸਵਾਗਤ ਲਈ ਵੀ ਮੌਜੂਦ ਸਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦਾ ਮਿੱਠਾਪੁਰ ਖੇਤਰ ਹਾਕੀ ਖਿਡਾਰੀਆਂ ਲਈ ਮਸ਼ਹੂਰ ਹੈ। ਟੋਕੀਓ ਓਲੰਪਿਕ ਖੇਡਣ ਗਈ ਭਾਰਤੀ ਹਾਕੀ ਟੀਮ ਵਿੱਚ ਤਿੰਨ ਖਿਡਾਰੀ ਮਿੱਠਾਪੁਰ ਦੇ ਵੀ ਹਨ। ਸਾਬਕਾ ਓਲੰਪੀਅਨ ਪਰਗਟ ਸਿੰਘ ਤੋਂ ਲੈ ਕੇ ਮੌਜੂਦਾ ਹਾਕੀ ਕਪਤਾਨ ਮਨਪ੍ਰੀਤ ਸਿੰਘ ਤੱਕ ਮਿੱਠਾਪੁਰ ਨੇ ਦੇਸ਼ ਨੂੰ ਕਈ ਮਸ਼ਹੂਰ ਖਿਡਾਰੀ ਦਿੱਤੇ ਹਨ।
ਖਿਡਾਰੀਆਂ ਦਾ ਸਨਮਾਨ ਸਮਾਰੋਹ ਭਲਕੇ ਪੰਜਾਬ ਵਿੱਚ ਹੋਵੇਗਾ
ਪੰਜਾਬ ਸਰਕਾਰ ਭਲਕੇ ਓਲੰਪਿਕ ਖਿਡਾਰੀਆਂ ਦੇ ਸਨਮਾਨ ਲਈ ਕਰੋੜਾਂ ਰੁਪਏ ਦੇ ਇਨਾਮ ਦੇਣ ਲਈ ਇੱਕ ਸਮਾਗਮ ਕਰੇਗੀ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੰਗਲਵਾਰ ਨੂੰ ਕਿਹਾ ਕਿ ਓਲੰਪਿਕ ਵਿੱਚ ਸ਼ਾਮਲ ਸਾਰੇ ਖਿਡਾਰੀਆਂ, ਜਿਨ੍ਹਾਂ ਵਿੱਚ ਸੋਨ ਤਮਗਾ ਜੇਤੂ ਨੀਰਜ ਚੋਪੜਾ ਤੇ ਰਾਜ ਦੇ ਹੋਰ ਤਗਮਾ ਜੇਤੂ ਸ਼ਾਮਲ ਹਨ, ਨੂੰ ਕੱਲ੍ਹ ਸਨਮਾਨਿਤ ਕੀਤਾ ਜਾਵੇਗਾ।
ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ, ਇਸ ਸਨਮਾਨ ਸਮਾਰੋਹ ਵਿੱਚ ਇਨ੍ਹਾਂ ਸਾਰੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤਾ ਜਾਵੇਗਾ। ਇਸ ਦੌਰਾਨ ਪੰਜਾਬ ਸਰਕਾਰ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਨੀਰਜ ਚੋਪੜਾ ਨੂੰ 2.51 ਕਰੋੜ ਰੁਪਏ ਦਾ ਇਨਾਮ ਦੇਵੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਸਾਰੇ ਖਿਡਾਰੀਆਂ ਦਾ ਸਨਮਾਨ ਕਰਨਗੇ। ਜਦੋਂਕਿ ਰਾਜਪਾਲ ਵੀਪੀ ਸਿੰਘ ਬਦਨੌਰ ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਹੋਣਗੇ।