ਨਵੀਂ ਦਿੱਲੀ - ਰੀਓ ਓਲੰਪਿਕਸ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਾਲ 'ਚ ਜਾਪਾਨ ਓਪਨ ਦੇ ਕੁਆਟਰਫਾਈਨਲ ਤਕ ਪਹੁੰਚੇ ਕੀਦੰਬੀ ਸ਼੍ਰੀਕਾਂਤ ਵਿਸ਼ਵ ਬੈਡਮਿੰਟਨ ਰੈਂਕਿੰਗ 'ਚ ਵੱਡੀ ਛਾਲ ਮਾਰਨ 'ਚ ਕਾਮਯਾਬ ਰਹੇ ਹਨ। ਸ਼੍ਰੀਕਾਂਤ 5 ਸਥਾਨਾਂ ਦੀ ਛਾਲ ਮਾਰਕੇ ਟਾਪ-10 'ਚ ਪਹੁੰਚ ਗਏ ਹਨ। ਮਹਿਲਾ ਸਿੰਗਲਸ ਰੈਂਕਿੰਗ 'ਚ ਸਾਇਨਾ ਨਹਿਵਾਲ ਅਤੇ ਰੀਓ ਓਲੰਪਿਕਸ 'ਚ ਸਿਲਵਰ ਮੈਡਲਿਸਟ ਪੀ.ਵੀ. ਸਿੰਧੂ ਨੂੰ ਵੀ ਫਾਇਦਾ ਹੋਇਆ ਹੈ।
BWF ਦੀ ਤਾਜਾ ਰੈਂਕਿੰਗ 'ਚ ਭਾਰਤੀ ਖਿਡਾਰੀ ਕੀਦੰਬੀ ਸ਼੍ਰੀਕਾਂਤ ਨੇ 5 ਸਥਾਨਾਂ ਦੀ ਛਾਲ ਮਾਰੀ ਹੈ। ਸ਼੍ਰੀਕਾਂਤ 52096 ਰੇਟਿੰਗ ਅੰਕਾਂ ਨਾਲ ਰੈਂਕਿੰਗ 'ਚ 9ਵੇਂ ਸਥਾਨ 'ਤੇ ਪਹੁੰਚ ਗਏ ਹਨ। ਮੈਨਸ ਸਿੰਗਲਸ ਦੇ ਟਾਪ-25 ਖਿਡਾਰੀਆਂ 'ਚ ਸ਼੍ਰੀਕਾਂਤ ਇਕੱਲੇ ਭਾਰਤੀ ਪੁਰੁਸ਼ ਖਿਡਾਰੀ ਹਨ।
ਗੋਡੇ ਦੀ ਸਰਜਰੀ ਤੋਂ ਜੂਝ ਰਹੀ ਸਾਇਨਾ ਨਹਿਵਾਲ ਵੀ ਰੈਂਕਿੰਗ 'ਚ ਸੁਧਾਰ ਦੇ ਨਾਲ ਹੁਣ 5ਵੇਂ ਨੰਬਰ 'ਤੇ ਪਹੁੰਚ ਗਈ ਹੈ। ਰੀਓ ਓਲੰਪਿਕਸ 'ਚ ਭਾਰਤ ਲਈ ਇਤਿਹਾਸ ਰਚਣ ਵਾਲੀ ਪੀ.ਵੀ. ਸਿੰਧੂ ਵੀ 2 ਸਥਾਨਾਂ ਦੀ ਛਾਲ ਮਾਰਕੇ ਵਿਸ਼ਵ ਰੈਂਕਿੰਗ 'ਚ 8ਵੇਂ ਸਥਾਨ 'ਤੇ ਪਹੁੰਚ ਗਈ ਹੈ। ਦੋਨਾ ਖਿਡਾਰਨਾ ਨੂੰ ਮੌਜੂਦਾ ਟੂਰਨਾਮੈਂਟਸ 'ਚ ਹਿੱਸਾ ਨਾ ਲੈਣ ਦੇ ਬਾਵਜੂਦ ਰੈਂਕਿੰਗ 'ਚ ਫਾਇਦਾ ਹੋਇਆ ਹੈ।
ਮਹਿਲਾਵਾਂ ਦੀ ਡਬਲਸ ਰੈਂਕਿੰਗ 'ਚ ਭਾਰਤ ਦੀ ਜਵਾਲਾ ਗੁੱਟਾ ਅਤੇ ਅਸ਼ਵੀਨੀ ਪੋਨੱਪਾ ਦੀ ਸਪੈਸ਼ਲਿਸਟ ਜੋੜੀ 24ਵੇਂ ਸਥਾਨ 'ਤੇ ਬਰਕਰਾਰ ਹੈ। ਮਿਕਸਡ ਡਬਲਸ ਕੈਟੇਗਰੀ 'ਚ ਟਾਪ-25 'ਚ ਭਾਰਤ ਦੀ ਕੋਈ ਜੋੜੀ ਨਹੀਂ ਹੈ।