ਨਵੀਂ ਦਿੱਲੀ - BCCI ਨੇ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। BCCI ਨੇ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਹਰ ਟੈਸਟ ਲਈ ਦੁੱਗਣੀ ਮੈਚ ਫੀਸ ਦੇਣ ਦਾ ਐਲਾਨ ਕੀਤਾ ਹੈ। ਹੁਣ ਟੀਮ ਇੰਡੀਆ ਦੇ ਕ੍ਰਿਕਟ ਖਿਡਾਰੀਆਂ ਨੂੰ ਹਰ ਟੈਸਟ ਮੈਚ ਲਈ 15 ਲੱਖ ਰੁਪਏ ਮੈਚ ਫੀਸ ਵਜੋਂ ਦਿੱਤੇ ਜਾਣਗੇ।
ਇਸਤੋਂ ਪਹਿਲਾਂ ਟੀਮ ਦੇ ਖਿਡਾਰੀਆਂ ਨੂੰ ਹਰ ਮੈਚ ਲਈ 7 ਲੱਖ ਰੁਪਏ ($10,500) ਦੀ ਮੈਚ ਫੀਸ ਦਿੱਤੀ ਜਾਂਦੀ ਸੀ। ਹੁਣ ਬੋਰਡ ਨੇ ਇਹ ਫੀਸ ਵਧਾ ਕੇ 15 ਲੱਖ ਰੁਪਏ ($22,500) ਕਰ ਦਿੱਤੀ ਹੈ। ਰਿਜ਼ਰਵ ਖਿਡਾਰੀਆਂ ਦੀ ਮੈਚ ਫੀਸ 'ਚ ਵੀ ਵਾਧਾ ਹੋਇਆ ਹੈ। ਰਿਜ਼ਰਵ ਖਿਡਾਰੀਆਂ ਨੂੰ ਹਰ ਮੈਚ ਦੇ 7 ਲੱਖ ਰੁਪਏ ਮੈਚ ਫੀਸ ਵਜੋਂ ਦਿੱਤੇ ਜਾਣਗੇ। ਵੱਖ-ਵੱਖ ਵੈਬਸਾਈਟਸ 'ਤੇ ਆਈਆਂ ਖਬਰਾਂ ਅਨੁਸਾਰ BCCI ਦੇ ਪ੍ਰਧਾਨ ਅਨੁਰਾਗ ਠਾਕੁਰ ਨੇ ਇਹ ਫੈਸਲਾ ਟੈਸਟ ਕ੍ਰਿਕਟ ਨੂੰ ਪੌਪੂਲਰ ਬਣਾਉਣ ਲਈ ਲਿਆ ਹੈ।
ਅਨੁਰਾਗ ਠਾਕੁਰ ਨੇ ਇੱਕ ਅਖਬਾਰ ਨਾਲ ਕੀਤੀ ਗਲਬਾਤ ਦੌਰਾਨ ਕਿਹਾ ਕਿ ਟੈਸਟ ਕ੍ਰਿਕਟ ਯੁਵਾ ਵਰਗ 'ਚ ਬਹੁਤ ਜਾਦਾ ਪੌਪੂਲਰ ਨਹੀਂ ਹੈ ਅਤੇ ਯੁਵਾ ਵਰਗ ਨੂੰ ਇਸ ਵਲ ਖਿੱਚਣ ਲਈ ਮੈਚ ਫੀਸ 'ਚ ਵਾਧਾ ਕੰਮ ਆ ਸਕਦਾ ਹੈ। ਵੱਡੀ ਮੈਚ ਫੀਸ ਨਾਲ ਯੁਵਾ ਵਰਗ ਇਹ ਸੋਚਣ 'ਤੇ ਮਜਬੂਰ ਹੋ ਸਕਦਾ ਹੈ ਕਿ ਪੈਸਾ ਸਿਰਫ ਵਨਡੇ ਜਾਂ ਟੀ-20 'ਚ ਹੀ ਨਹੀਂ ਬਣਾਇਆ ਜਾ ਸਕਦਾ ਬਲਕਿ ਟੈਸਟ ਕ੍ਰਿਕਟ ਖੇਡ ਕੇ ਵੀ ਬਣਾਇਆ ਜਾ ਸਕਦਾ ਹੈ। ਇਹ ਫੈਸਲਾ BCCI ਦੀ ਮੁੰਬਈ 'ਚ ਹੋਈ ਵਰਕਿੰਗ ਕਮੇਟੀ ਦੀ ਬੈਠਕ 'ਚ ਲਿਆ ਗਿਆ।