ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਨੇ ਦੀਵਾਲੀ ਦੇ ਦਿਨ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ। ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਮਾਤ ਦੇਕੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਮ ਕਰ ਲਿਆ। ਭਾਰਤ ਨੇ ਖਿਤਾਬੀ ਮੈਚ 'ਚ 3-2 ਦੇ ਫਰਕ ਨਾਲ ਬਾਜ਼ੀ ਮਾਰੀ। 

  

 

ਇਸ ਮੈਚ 'ਚ ਭਾਰਤ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾ ਲਿਆ ਸੀ। ਭਾਰਤ ਨੂੰ ਮੈਚ 'ਚ ਪਹਿਲਾ ਪੈਨਲਟੀ ਕਾਰਨਰ 7ਵੇਂ ਮਿਨਟ 'ਚ ਮਿਲਿਆ। ਪਰ ਇਸ ਮੌਕੇ ਭਾਰਤੀ ਟੀਮ ਮੌਕੇ ਨੂੰ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੀ। ਭਾਰਤ ਦੀ ਦੀਵਾਲੀ ਦਾ ਸਵਾਦ ਖਰਾਬ ਕਰਨ ਦੀ ਕੋਸ਼ਿਸ਼ 'ਚ ਜੁਟੀ ਪਾਕਿਸਤਾਨੀ ਟੀਮ ਨੇ ਵੀ ਲਗਾਤਾਰ ਅਟੈਕ ਦਾ ਸਿਲਸਿਲਾ ਜਾਰੀ ਰਖਿਆ ਪਰ ਇਹ ਟੀਮ ਭਾਰਤ ਦੇ ਡਿਫੈਂਸ ਨੂੰ ਪਾਰ ਕਰਨ 'ਚ ਨਾਕਾਮ ਹੋ ਰਹੀ ਸੀ। ਭਾਰਤ ਨੂੰ ਜਲਦੀ ਹੀ ਪਹਿਲੀ ਕਾਮਯਾਬੀ ਮਿਲੀ। ਰੁਪਿੰਦਰਪਾਲ ਸਿੰਘ ਨੇ ਮੈਚ ਦੇ 18ਵੇਂ ਮਿਨਟ 'ਚ ਪੈਨਲਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਭਾਰਤ ਨੂੰ 1-0 ਦੀ ਲੀਡ ਹਾਸਿਲ ਕਰਵਾਈ। ਇਸਤੋਂ ਬਾਅਦ ਅਫਾਨ ਯੂਸਫ ਨੇ 23ਵੇਂ ਮਿਨਟ 'ਚ ਗੋਲ ਕਰ ਭਾਰਤ ਨੂੰ 2-0 ਦੀ ਲੀਡ ਹਾਸਿਲ ਕਰਵਾ ਦਿੱਤੀ। ਪਰ ਫਿਰ ਮੈਚ ਦੇ 26ਵੇਂ ਮਿਨਟ 'ਚ ਮੋਹੰਮਦ ਅਲੀਮ ਬਿਲਾਲ ਨੇ ਗੋਲ ਕੀਤਾ ਅਤੇ 38ਵੇਂ ਮਿਨਟ 'ਚ ਅਲੀ ਸ਼ਾਨ ਨੇ ਗੋਲ ਕਰ ਪਾਕਿਸਤਾਨ ਨੂੰ 2-2 ਦੀ ਬਰਾਬਰੀ 'ਤੇ ਲਿਆ ਖੜਾ ਕੀਤਾ। 

  

 

ਭਾਰਤੀ ਦਰਸ਼ਕ ਇਸੇ ਉਡੀਕ 'ਚ ਸਨ ਕਿ ਟੀਮ ਇੰਡੀਆ ਕਦ ਦੁਬਾਰਾ ਲੀਡ ਹਾਸਿਲ ਕਰੇ ਅਤੇ ਦੀਵਾਲੀ ਦੇ ਜਸ਼ਨ ਨੂੰ ਦੁੱਗਣਾ ਕਰ ਦਵੇ। ਭਾਰਤੀ ਦਰਸ਼ਕਾਂ ਦੀ ਉਡੀਕ ਨੂੰ ਨਿਕਿਨ ਥੀਮਈਆ ਨੇ 51ਵੇਂ ਮਿਨਟ 'ਚ ਖਤਮ ਕੀਤਾ। ਥੀਮਈਆ ਦੇ ਗੋਲ ਤੋਂ ਬਾਅਦ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਭਾਰਤ ਨੇ ਮੈਚ 3-2 ਦੇ ਫਰਕ ਨਾਲ ਆਪਣੇ ਨਾਮ ਕਰ ਲਿਆ। ਇਹ ਦੂਜਾ ਮੌਕਾ ਹੈ ਜਦ ਭਾਰਤ ਨੇ ਏਸ਼ੀਅਨ ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਮ ਕੀਤਾ ਹੈ।