ਭੋਪਾਲ: ਇੱਥੋਂ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਪਾਬੰਦੀ ਸ਼ੁਦਾ ਸੰਗਠਨ ਸਿੰਮੀ ਦੇ ਫ਼ਰਾਰ ਅੱਠ ਦਹਿਸ਼ਤਗਰਦਾਂ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਖਤਮ ਕਰ ਦਿੱਤਾ। ਮੱਧ ਪ੍ਰਦੇਸ਼ ਪੁਲਿਸ ਅਨੁਸਾਰ ਜੇਲ੍ਹ ਵਿਚੋਂ ਫਰਾਰ ਹੋਣ ਤੋਂ ਬਾਅਦ ਸਾਰੇ ਦਹਿਸ਼ਤਗਰਦ ਨੇੜਲੇ ਪਿੰਡ ਵਿੱਚ ਲੁਕੇ ਹੋਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਪਿੰਡ ਨੂੰ ਘੇਰਿਆ ਅਤੇ ਸਾਰੇ ਦਹਿਸ਼ਤਗਰਦਾਂ ਨੂੰ ਖਤਮ ਕਰ ਦਿੱਤਾ।

ਇਸ ਤੋਂ ਪਹਿਲਾਂ ਇਹ ਸਾਰੇ ਜੇਲ੍ਹ ਵਿੱਚੋਂ ਅੱਜ ਤੜਕੇ ਫਰਾਰ ਹੋ ਗਏ ਸਨ। ਜੇਲ੍ਹ ਵਿਚੋਂ ਫ਼ਰਾਰ ਹੋਣ ਤੋਂ ਪਹਿਲਾਂ ਦਹਿਸ਼ਤਗਰਦਾਂ ਨੇ ਇੱਕ ਸੁਰੱਖਿਆ ਕਰਮੀਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਚਾਦਰ ਦੀ ਰੱਸੀ ਬਣਾ ਕੇ ਇਹ ਜੇਲ੍ਹ ਵਿੱਚੋਂ ਬਾਹਰ ਨਿਕਲੇ। ਦਹਿਸ਼ਤਗਰਦਾਂ ਨੇ ਜੋ ਕੰਧ ਪਾਰ ਕੀਤੀ ਹੈ ਉਸ ਦੀ ਉਚਾਈ ਕਰੀਬ 35 ਫੁੱਟ ਸੀ।

ਭੋਪਾਲ ਦੇ ਡੀ.ਆਈ.ਜੀ. ਰਮਨ ਸਿੰਘ ਨੇ ਮੀਡੀਆ ਨੂੰ ਦੱਸਿਆ, “ਇਹ ਘਟਨਾ ਤੜਕੇ ਦੋ ਅਤੇ ਤਿੰਨ ਵਜੇ ਦੇ ਵਿਚਕਾਰ ਦੀ ਹੈ। ਇਸ ਦੌਰਾਨ ਇਹਨਾਂ ਨੇ ਜੇਲ੍ਹ ਦੇ ਪੁਲਿਸ ਅਧਿਕਾਰੀ ਰਾਧੇ ਸ਼ਾਮ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਅਣਗਹਿਲੀ ਲਈ ਜੇਲ੍ਹ ਦੇ ਪੰਜ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਿਕ ਭੱਜਣ ਵਾਲਿਆਂ ਨੇ ਗਾਰਦ ‘ਤੇ ਚਾਕੂ ਨਾਲ ਵਾਰ ਕੀਤਾ ਅਤੇ ਚਾਦਰਾਂ ਦੀ ਰੱਸੀ ਬਣਾ ਕੇ ਕੰਧ ‘ਤੇ ਚੜ੍ਹੇ ਅਤੇ ਪਾਰ ਕੀਤੀ। ਫਰਾਰ ਪੁਲਿਸ ਵਾਲਿਆਂ ਉਤੇ ਪੰਜ -ਪੰਜ ਲੱਖ ਰੁਪਏ ਦਾ ਇਨਾਮ ਸੀ।

ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (SIMI) ਭਾਰਤ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਜਥੇਬੰਦੀ ਹੈ। ਤਿੰਨ ਸਾਲ ਪਹਿਲਾਂ ਵੀ ਸਿੰਮੀ ਨਾਲ ਸੰਬੰਧਿਤ ਬੰਦੇ ਖਾਂਡਵਾ ਜੇਲ੍ਹ ਦੇ ਗ਼ੁਸਲਖ਼ਾਨੇ ਦੀ ਕੰਧ ਤੋੜ ਕੇ ਫ਼ਰਾਰ ਹੋ ਗਏ ਸੀ। ਖਾਂਡਵਾ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ 280 ਕਿੱਲੋਮੀਟਰ ਦੂਰੀ ‘ਤੇ ਹੈ।