ਰਮਨਦੀਪ ਕੌਰ ਦੀ ਖਾਸ ਰਿਪੋਰਟ


ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਖੇਡ ਜਗਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਦੇ ਚੱਲਦਿਆਂ ਕਈ ਟੂਰਨਾਮੈਂਟ ਰੱਦ ਹੋ ਚੁੱਕੇ ਹਨ। ਦੁਨੀਆਂ ਦੀ ਇਕ ਤਿਹਾਈ ਆਬਾਦੀ ਘਰਾਂ 'ਚ ਕੈਦ ਹੈ। ਭਾਰਤ 'ਚ ਲੌਕਡਾਊਨ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਕਟਾਈ ਲਈ ਮਜ਼ਦੂਰ ਨਹੀਂ ਮਿਲ ਰਹੇ। ਅਜਿਹੇ 'ਚ ਕਈ ਅੰਤਰਰਾਸ਼ਟਰੀ ਖਿਡਾਰੀ ਪਰਿਵਾਰਾਂ ਦੀ ਮਦਦ ਵਜੋਂ ਖੇਤਾਂ 'ਚ ਕਣਕ ਦੀ ਕਟਾਈ ਲਈ ਅੱਗੇ ਆਏ ਹਨ। ਇਨ੍ਹਾਂ ਖਿਡਾਰੀਆਂ 'ਚ ਬੌਕਸਰ ਅਮਿਤ ਪਾਂਗਲ ਤੇ ਮਨੋਜ ਕੁਮਾਰ ਤੋਂ ਇਲਾਵਾ ਮਹਿਲਾ ਹਾਕੀ ਟੀਮ ਦੀ ਖਿਡਾਰਨ ਪੂਨਮ ਮਲਿਕ ਸ਼ਾਮਲ ਹੈ।


ਰਿਓ ਪੈਰਾਲੰਪਿਕ ਗੇਮਜ਼ ਦੇ ਜੈਵਲਿਨ 'ਚ ਬ੍ਰੌਂਜ ਮੈਡਲ ਜਿੱਤਣ ਵਾਲੇ ਰਿੰਕੂ ਹੁੱਡਾ ਨੇ ਕਿਹਾ ਮੇਰਾ ਕੰਮ ਮਸ਼ੀਨ ਨਾਲ ਕਣਕ ਦੀ ਕਟਾਈ ਕਰਵਾਉਣੀ ਹੈ। 9 ਏਕੜ ਕਣਕ ਦੀ ਕਟਾਈ ਮਸ਼ੀਨ ਨਾਲ ਹੋ ਗਈ ਹੈ। ਅੱਧਾ ਏਕੜ ਹੋਰ ਬਚੀ ਹੈ ਤੇ ਉਸ 'ਚ ਸਹਿਯੋਗ ਕਰ ਰਿਹਾ ਹਾਂ। ਉਮੀਦ ਹੈ ਕਿ ਮੀਂਹ ਤੋਂ ਪਹਿਲਾਂ ਫ਼ਸਲ ਸਾਂਭਣ ਦਾ ਕੰਮ ਵੀ ਹੋ ਜਾਵੇਗਾ।


ਪਿਛਲੇ ਸਾਲ ਵਰਲਡ ਬੌਕਸਿੰਗ ਚੈਂਪੀਅਨਸ਼ਿਪ 'ਚ ਦੇਸ਼ ਲਈ ਸਿਲਵਰ ਮੈਡਲ ਜਿੱਤਣ ਵਾਲੇ ਪਹਿਲੇ ਬੌਕਸਰ ਅਮਿਤ ਪਾਂਗਲ ਵੀ ਇਨ੍ਹਾਂ ਦਿਨਾਂ 'ਚ ਰੋਹਤਕ ਦੇ ਆਪਣੇ ਨਿੱਜੀ ਪਿੰਡ 'ਚ ਹਨ। ਇੱਥੇ ਉਹ ਖੇਤੀ ਦੇ ਕੰਮ 'ਚ ਪਰਿਵਾਰ ਦੀ ਮਦਦ ਕਰ ਰਹੇ ਹਨ। ਅਮਿਤ ਨੇ ਕਿਹਾ ਕਿਸਾਨ ਦਾ ਪੁੱਤ ਹਾਂ ਇਸ ਲਈ ਇਸ ਕੰਮ 'ਚ ਸੰਤੁਸ਼ਟੀ ਮਿਲਦੀ ਹੈ।





ਪੂਨਮ ਨੇ ਪਹਿਲੀ ਵਾਰ ਕਣਕ ਦੀ ਕਟਾਈ ਪਰਿਵਾਰ ਵਾਲਿਆਂ ਦਾ ਸਾਥ ਦਿੱਤਾ ਹੈ। 200 ਅੰਤਰਰਾਸ਼ਟਰੀ ਮੈਚਾਂ 'ਚ ਦੇਸ਼ ਦੀ ਅਗਵਾਈ ਕਰ ਚੁੱਕੀ ਹਿਸਾਰ ਦੀ ਹਾਕੀ ਖਿਡਾਰਨ ਪੂਨਮ ਮਲਿਕ ਲੌਕਡਾਊਨ ਕਾਰਨ ਆਪਣੇ ਪਿੰਡ ਉਮਰਾ 'ਚ ਹੈ ਤੇ ਪਰਿਵਾਰ ਨਾਲ ਕੰਮਕਾਜ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਚਾਰ ਦਿਨ ਪਰਿਵਾਰ ਨਾਲ ਕਣਕ ਦੀ ਫ਼ਸਲ ਦੀ ਕਟਾਈ ਲਈ ਗਈ। ਇਨ੍ਹਾਂ ਚਾਰ ਦਿਨਾਂ 'ਚ ਪੂਨਮ ਨੇ ਦਾਤੀ ਨੂੰ ਹੈਂਡਲ ਕਰਨਾ ਚੰਗੀ ਤਰ੍ਹਾਂ ਸਿੱਖ ਲਿਆ ਹੈ।