ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇੱਕ ਵਾਰ ਫਿਰ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਹੈ। ਆਰਸੀਬੀ ਨੇ ਆਪਣਾ 13 ਵਾਂ ਸੀਜ਼ਨ ਸ਼ੁੱਕਰਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਐਲੀਮੀਨੇਟਰ ਮੈਚ ਵਿੱਚ 6 ਵਿਕਟਾਂ ਦੇ ਨੁਕਸਾਨ ਨਾਲ ਖਤਮ ਕੀਤਾ। ਸਾਬਕਾ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਆਰਸੀਬੀ ਕਪਤਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਹੈ।

ਗੌਤਮ ਗੰਭੀਰ ਆਈਪੀਐਲ ਵਿੱਚ ਕਪਤਾਨ ਵਜੋਂ ਵਿਰਾਟ ਕੋਹਲੀ ਦੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਨ। ਗੰਭੀਰ ਨੇ ਕਿਹਾ, “ਵਿਰਾਟ ਕੋਹਲੀ ਨੂੰ ਹੁਣ ਕਪਤਾਨੀ ਤੋਂ ਹਟਾ ਦੇਣਾ ਚਾਹੀਦਾ ਹੈ। 8 ਸਾਲਾਂ ਤੋਂ ਵਿਰਾਟ ਟੀਮ ਦਾ ਕਪਤਾਨ ਹੈ ਅਤੇ ਉਸ ਨੂੰ ਕੋਈ ਖਿਤਾਬ ਨਹੀਂ ਮਿਲ ਸਕਿਆ ਹੈ। 8 ਸਾਲ ਇੱਕ ਲੰਮਾ ਸਮਾਂ ਹੈ।''

ਗੌਤਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਬਾਰੇ ਬਹੁਤ ਗੰਭੀਰ ਸਵਾਲ ਖੜੇ ਕੀਤੇ ਹਨ। ਉਸ ਨੇ ਕਿਹਾ, “ਮੈਨੂੰ ਕਿਸੇ ਹੋਰ ਕਪਤਾਨ ਬਾਰੇ ਦੱਸੋ। ਭਾਵੇਂ ਤੁਸੀਂ ਕਪਤਾਨ ਨੂੰ ਛੱਡੋ, ਫਿਰ ਕਿਸੇ ਵੀ ਖਿਡਾਰੀ ਬਾਰੇ ਦੱਸੋ ਜੋ 8 ਸਾਲਾਂ ਤੋਂ ਖ਼ਿਤਾਬ ਜਿੱਤਣ ਤੋਂ ਬਿਨਾਂ ਕਿਸੇ ਟੀਮ 'ਚ ਜਗ੍ਹਾ ਬਣਾ ਰਿਹਾ ਸੀ।"


ਗੌਤਮ ਗੰਭੀਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਨੇ 2012 ਅਤੇ 2014 'ਚ ਆਈਪੀਐਲ ਖ਼ਿਤਾਬ ਜਿੱਤੇ ਸੀ। ਗੰਭੀਰ ਨੇ ਕਿਹਾ, "ਕੋਹਲੀ ਨੂੰ ਆਪਣੇ ਆਪ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਮੰਨਣਾ ਚਾਹੀਦਾ ਹੈ ਕਿ ਉਸ ਦੀ ਕਪਤਾਨੀ ਵਿੱਚ ਕੋਈ ਘਾਟ ਹੈ ਅਤੇ ਉਹ ਜਿੱਤ ਪ੍ਰਾਪਤ ਨਹੀਂ ਕਰਾ ਸਕਦਾ।"

ਗੰਭੀਰ ਨੇ ਕਪਤਾਨੀ ਮਾਮਲੇ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਮਿਸਾਲ ਦਿੱਤੀ। ਸਾਬਕਾ ਖਿਡਾਰੀ ਨੇ ਕਿਹਾ, '' ਕਿੰਗਜ਼ ਇਲੈਵਨ ਪੰਜਾਬ ਵੱਲ ਦੇਖੋ, ਅਸ਼ਵਿਨ ਦੋ ਸੀਜ਼ਨ 'ਚ ਨਹੀਂ ਜਿੱਤ ਸਕਿਆ ਅਤੇ ਉਸ ਨੂੰ ਹਟਾ ਦਿੱਤਾ। ਰੋਹਿਤ ਸ਼ਰਮਾ ਪੰਜਵੀਂ ਵਾਰ ਮੁੰਬਈ ਇੰਡੀਅਨਜ਼ ਲਈ ਖਿਤਾਬ ਜਿੱਤਣ ਦੇ ਨੇੜੇ ਹੈ, ਇਸ ਲਈ ਉਹ ਕਪਤਾਨ ਦੇ ਅਹੁਦੇ 'ਤੇ ਖੜਾ ਹੈ।"