ਚੇਨਈ: ਦਿੱਲੀ ਕੈਪੀਟਲਸ ਨੇ ਮੰਗਲਵਾਰ ਨੂੰ ਐਮਏ ਚਿੰਦਬਰਮ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ ਦੇ 14ਵੇਂ ਸੀਜ਼ਨ ਦੇ 13ਵੇਂ ਮੁਕਾਬਲੇ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਦਿੱਲੀ ਦੇ ਕਪਤਾਨ ਰਿਸ਼ੰਭ ਪੰਤ ਨੇ ਆਪਣੇ ਗੇਂਦਬਾਜ਼ਾਂ ਖਾਸਕਰ ਦਿੱਗਜ਼ ਲੈੱਗ ਸਪਿੱਨਰ ਅਮਿਤ ਮਿਸ਼ਰਾ ਨੂੰ ਇਸ ਜਿੱਤ ਦਾ ਸਿਹਰਾ ਦਿੱਤਾ। ਮੈਨ ਆਫ ਦੀ ਮੈਚ ਮਿਸ਼ਰਾ ਨੇ ਇਸ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਓਵਰਾਂ ਵਿੱਚ 24 ਦੌੜਾਂ ਦੇ ਕੇ 4 ਵਿਕਟ ਆਪਣੇ ਨਾਂ ਕੀਤੇ।


ਮੈਚ ਦੇ ਬਾਅਦ ਰਿਸ਼ੰਭ ਪੰਤ ਨੇ ਕਿਹਾ, ''ਮੁੰਬਈ ਦੀ ਪਾਰੀ ਦੀ ਸ਼ੁਰੂਆਤ ਵਿੱਚ ਅਸੀਂ ਥੋੜ੍ਹੇ ਨਰਵਸ ਸਨ। ਇਸ ਤੋਂ ਬਾਅਦ ਮਿਸ਼ਰਾ ਭਾਈ( ਅਮਿਤ ਮਿਸ਼ਰਾ) ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਇਸ ਮੈਚ ਵਿੱਚ ਸਾਡੀ ਵਾਪਸੀ ਕਰਵਾਈ। ਸਾਡੇ ਸਾਰੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੁੰਬਈ ਦੀ ਪਾਰੀ ਨੂੰ 136 ਦੇ ਸਕੋਰ ਉੱਤੇ ਹੀ ਰੋਕ ਦਿੱਤਾ।''


ਉਨ੍ਹਾਂ ਅੱਗੇ ਕਿਹਾ, ''ਅਸੀਂ ਇਕ ਵਾਰ ਵਿੱਚ ਇਕ ਹੀ ਮੈਚ ਦੇ ਬਾਰੇ 'ਚ ਸੋਚਦੇ ਹਾਂ। ਇਸ ਮੈਚ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਖਾਸਕਰ ਇਹ ਕਿ ਜੇਕਰ ਤੁਹਾਡੇ ਕੋਲ ਵਿਕਟ ਸੁਰੱਖਿਅਤ ਹੋਣ ਤਾਂ ਤੁਸੀਂ ਅੰਤ ਤੱਕ ਕਿਸੇ ਵੀ ਸਕੋਰ ਨੂੰ ਚੇਜ਼ ਕਰ ਸਕਦੇ ਹੋ।''


ਮੁੰਬਈ ਨੂੰ 140 ਤੋਂ 150 ਤੱਕ ਸੀਮਤ ਕਰਨ ਦੀ ਸੀ ਰਣਨੀਤੀ


ਪੰਤ ਮੁਤਾਬਕ, ''ਅਸੀਂ ਮੈਚ ਤੋਂ ਪਹਿਲਾਂ ਆਪਣੀ ਟੀਮ ਮੀਟਿੰਗ ਵਿੱਚ ਇਸ ਗੱਲ ਉੱਤੇ ਕੰਮ ਕਰਦੇ ਹਾਂ ਕਿ ਅਸੀਂ ਇਕ ਵਾਰ ਵਿੱਚ ਇਕ ਹੀ ਮੈਚ ਦੇ ਬਾਰੇ ਸੋਚਾਂਗੇ। ਇਸ ਮੈਚ ਵਿੱਚ ਸਾਡੀ ਰਣਨੀਤੀ ਮੁੰਬਈ ਦੀ ਟੀਮ ਨੂੰ 140 ਤੋਂ 150 ਦੇ ਸਕੋਰ ਉੱਤੇ ਸੀਮਤ ਕਰਨ ਦੀ ਸੀ ਤੇ ਸਾਡੇ ਗੇਂਦਬਾਜ਼ਾਂ ਨੇ ਬਖੂਬੀ ਇਸ ਕੰਮ ਨੂੰ ਅੰਜ਼ਾਮ ਦਿੱਤਾ।'' ਲਲਿਤ ਯਾਦਵ ਦੀ ਤਾਰੀਫ ਕਰਦੇ ਹੋਏ ਪੰਤ ਨੇ ਕਿਹਾ, ''ਅਸੀਂ ਉਸ ਨੂੰ ਹੋਰ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਅਜਿਹੀ ਪਿੱਚਾਂ ਉੱਤੇ ਚਮਤਕਾਰ ਕਰ ਸਕਦੇ ਹਨ।''


ਦਿੱਲੀ ਦੀ ਚਾਰ ਮੈਚਾਂ ਵਿੱਚ ਇਹ ਤੀਸਰੀ ਜਿੱਤ ਹੈ ਅਤੇ ਹੁਣ ਉਸ ਦੇ ਛੇ ਅੰਕ ਹੋ ਗਏ ਹਨ ਤੇ ਉਹ ਸੂਚੀ ਵਿੱਚ ਦੂਜੇ ਨੰਬਰ ਉੱਤੇ ਪਹੁੰਚ ਗਈ ਹੈ। ਮੁੰਬਈ ਨੂੰ ਚਾਰ ਮੈਚਾਂ ਵਿੱਚ ਦੂਜੀ ਹਾਰ ਮਿਲੀ ਹੈ ਤੇ ਟੀਮ ਚਾਰ ਅੰਕਾਂ ਦੇ ਨਾਲ ਚੌਥੇ ਨੰਬਰ ਉੱਤੇ ਹੈ। ਦਿੱਲੀ ਦੀ ਮੁੰਬਈ ਖਿਲਾਫ ਆਈਪੀਐਲ ਵਿੱਚ ਇਹ ਲਗਾਤਾਰ ਪੰਜਵੀ ਹਾਰ ਦੇ ਬਾਅਦ ਪਹਿਲੀ ਜਿੱਤ ਹੈ।