RCB vs RR: ਆਈਪੀਐਲ 2021 ਦੇ 16ਵੇਂ ਮੁਕਾਬਲੇ 'ਚ ਰੌਇਲ ਚੈਲੇਂਜਰਸ ਬੈਂਗਲੁਰੂ ਨੇ ਰਾਜਸਥਾਨ ਰੌਇਲਸ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਨੇ ਪਹਿਲਾਂ ਖੇਡਦਿਆਂ 20 ਓਵਰ 'ਚ 9 ਵਿਕਟਾਂ 'ਤੇ 177 ਰਨ ਬਣਾਏ ਸਨ। ਇਸ ਦੇ ਜਵਾਬ 'ਚ ਰੌਇਲ ਚੈਲੇਂਜਰਸ ਬੈਂਗਲੌਰ ਨੇ ਸਿਰਫ 16.3 ਓਵਰ 'ਚ ਬਿਨਾਂ ਕੋਈ ਵਿਕੇਟ ਖੋਏ ਆਸਾਨੀਾ ਨਾਲ ਟੀਚਾ ਪੂਰਾ ਕਰ ਲਿਆ।


ਇਸ ਸੀਜ਼ਨ 'ਚ ਆਰਸੀਬੀ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਆਈਪੀਐਲ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਕਿ ਆਰਸੀਬੀ ਨੇ ਆਪਣੇ ਸ਼ੁਰੂਆਤੀ ਲਗਾਤਾਰ ਚਾਰ ਮੈਚ ਜਿੱਤੇ ਹਨ। ਰੌਇਲ ਚੈਲੇਂਜਰਸ ਬੈਂਗਲੌਰ ਲਈ ਦੇਵਦੱਤ ਪਡਿਕਲ ਤੇ ਵਿਰਾਟ ਕੋਹਲੀ ਨੇ ਰਿਕਾਰਡ 181 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਆਰਸੀਬੀ ਲਈ ਇਹ ਪਹਿਲੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਸੀ।


ਪਡਿਕਲ ਨੇ 52 ਗੇਂਦਾਂ 'ਚ ਨਾਬਾਦ 101 ਰਨ ਬਣਾਏ। ਇਸ ਦੌਰਾਨ ਉਨ੍ਹਾਂ ਦੇ ਬੱਲੇ 'ਚੋਂ 11 ਚੌਕੇ ਤੇ ਛੇ ਛੱਕੇ ਨਿੱਕਲੇ। ਆਈਪੀਐਲ 'ਚ ਇਹ ਪਡਿਕਲ ਦਾ ਪਹਿਲਾ ਸੈਂਕੜਾ ਹੈ। ਇਸ ਦੇ ਨਾਲ ਹੀ ਉਹ ਆਈਪੀਐਲ 'ਚ ਸੈਂਕੜਾ ਲਾਉਣ ਵਾਲੇ ਤੀਜੇ ਅਨਕੈਪਡ ਪਲੇਅਰ ਬਣ ਗਏ ਹਨ।


ਵਿਰਾਟ ਕੋਹਲੀ ਨੇ 47 ਗੇਂਦਾਂ 'ਚ 72 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੌਰਾਨ ਉਨ੍ਹਾਂ ਛੇ ਚੌਕੇ ਤੇ ਤਿੰਨ ਛੱਕੇ ਜੜੇ। ਇਸ ਦੇ ਨਾਲ ਹੀ ਕੋਹਲੀ ਨੇ ਆਈਪੀਐਲ 'ਚ 6,000 ਰਨ ਵੀ ਪੂਰੇ ਕਰ ਲਏ। ਉਹ ਆਈਪੀਐਲ 'ਚ ਅਜਿਹਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।


ਰਾਜਸਥਾਨ ਨੇ ਬਣਾਏ 177 ਰਨ


ਇਸ ਤੋਂ ਪਹਿਲਾਂ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਟੀਮ ਰਾਜਸਥਾਨ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ, ਸਲਾਮੀ ਬੱਲੇਬਾਜ਼ ਜੋਸ ਬਟਲਰ ਅੱਠ ਰਨ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਨੂੰ ਮਿਰਾਜ ਨੇ ਆਊਟ ਕੀਤਾ। ਇਸ ਤੋਂ ਬਾਅਦ ਚੌਥੇ ਓਵਰ 'ਚ 16 ਦੌੜਾਂ ਦੇ ਸਕੋਰ 'ਤੇ ਮਨਨ ਵੋਹਰਾ ਵੀ ਆਊਟ ਹੋ ਗਏ। ਉਨ੍ਹਾਂ ਨੂੰ ਕਾਇਲ ਜੈਮੀਸਨ ਨੇ ਆਪਣਾ ਸ਼ਿਕਾਰ ਬਣਾਇਆ।


ਕਪਤਾਨ ਸੰਜੂ ਸੈਮਸਨ ਨੇ ਡੇਵਿਡ ਮਿਲਰ ਨੂੰ ਚੌਥੇ ਨੰਬਰ 'ਤੇ ਬੁਲਾਇਆ। ਪਰ ਮਿਲਰ ਅੱਜ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਏ। ਉਨ੍ਹਾਂ ਨੂੰ ਸਿਰਾਜ ਨੇ ਐਲਬੀਡਬਲਯੂ ਆਊਟ ਕੀਤਾ। ਇਸ ਤੋਂ ਬਾਅਦ ਸੰਜੂ ਸੈਮਸਨ ਵੀ 18 ਗੇਂਦਾਂ 'ਚ 21 ਰਨ ਬਣਾ ਕੇ ਚੱਲਦੇ ਬਣੇ। ਆਪਣੀ ਇਸ ਪਾਰੀ 'ਚ ਉਨ੍ਹਾਂ ਦੋ ਚੌਕੇ ਤੇ ਇਕ ਛੱਕਾ ਲਾਇਆ।


ਅੱਠਵੇਂ ਓਵਰ 'ਚ ਸਿਰਫ 43 ਗੇਂਦਾਂ 'ਤੇ ਚਾਰ ਵਿਕੇਟ ਡਿੱਗਣ ਮਗਰੋਂ ਸ਼ਿਵਮ ਦੁਬੇ ਤੇ ਰਿਆਨ ਪਰਾਗ ਨੇ ਰਾਜਸਥਾਨ ਨੂੰ ਸੰਕਟ 'ਚੋਂ ਕੱਢਿਆ। ਇਨ੍ਹਾਂ ਦੋਵਾਂ ਨੇ ਪੰਜਵੇਂ ਵਿਕੇਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ।


ਪਰਾਗ 16 ਗੇਂਦਾਂ 'ਚ ਚਾਰ ਚੌਕਿਆਂ ਦੀ ਮਦਦ ਨਾਲ 25 ਰਨ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਸ਼ਿਵਮ ਦੁਬੇ ਵੀ ਚੱਲਦੇ ਬਣੇ। ਦੁਬੇ ਨੇ 32 ਗੇਂਦਾਂ 'ਚ 46 ਦੌੜਾਂ ਦੀ ਵਿਸਫੋਟਕ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਪੰਜ ਚੌਕੇ ਤੇ ਦੋ ਛੱਕੇ ਜੜੇ।


ਅੰਤ 'ਚ ਰਾਹੁਲ ਤੇਵਤਿਆ ਨੇ ਰਾਜਸਥਾਨ ਨੂੰ ਮਜਬੂਤ ਸਥਿਤੀ 'ਚ ਪਹੁੰਚਾਇਆ। ਤੇਵਤਿਆ ਨੇ 23 ਗੇਂਦਾਂ 'ਚ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਚਾਰ ਚੌਕੇ ਤੇ ਦੋ ਛੱਕੇ ਲਾਏ। ਉੱਥੇ ਹੀ ਕ੍ਰਿਸ ਮੌਰਿਸ ਨੇ ਸੱਤ ਗੇਂਦਾਂ 'ਚ 10 ਰਨ ਬਣਾਏ।


ਉੱਥੇ ਹੀ ਬੈਂਗਲੌਰ ਲਈ ਤੇਜ਼ ਗੇਂਦਬਾਜ਼ ਮੋਹੰਮਦ ਸਿਰਾਜ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਚਾਰ ਓਵਰ 'ਚ 27 ਰਨ ਦੇਕੇ ਤਿੰਨ ਵਿਕਟ ਝਟਕਾਏ। ਇਸ ਤੋਂ ਇਲਾਵਾ ਹਰਸ਼ਲ ਪਟੇਲ ਨੇ ਵੀ 47 ਰਨ ਦੇਕੇ ਤਿੰਨ ਵਿਕਟ ਲਏ। ਉੱਥੇ ਹੀ ਕਾਇਲ ਜੈਮੀਸਨ, ਯੁਜਵੇਂਦਰ ਚਹਿਲ ਤੇ ਵਾਸ਼ਿੰਗਟਨ ਸੁੰਦਰ ਨੂੰ ਇਕ-ਇਕ ਸਫਲਤਾ ਮਿਲੀ।