IPL 2021: ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਅਗਲਾ ਸੀਜ਼ਨ ਸ਼ੁਰੂ ਹੋਣ ’ਚ ਹੁਣ 10 ਦਿਨਾਂ ਤੋਂ ਵੀ ਘੱਟ ਦਾ ਸਮਾਂ ਬਾਕੀ ਰਹਿ ਗਿਆ ਹੈ। ਆਈਪੀਐੱਲ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੋਰ ਹੀ ਮੁੰਬਈ ਇੰਡੀਅਨਜ਼ ਵਿਰੁੱਧ ਇਸ ਸੀਜ਼ਨ ਦਾ ਸ਼ੁਰੂਆਤੀ ਮੈਚ ਖੇਡੇਗੀ। ਆਰਸੀਬੀ ਹਾਲੇ ਤੱਕ ਇਸ ਲੀਗ ਦਾ ਖ਼ਿਤਾਬ ਨਹੀਂ ਜਿੱਤ ਸਕੀ ਹੈ ਪਰ ਇਸ ਸੀਜ਼ਨ ’ਚ ਨੀਲਾਮੀ ਦੌਰਾਨ ਉਸ ਨੇ ਕੁਝ ਅਜਿਹੇ ਖਿਡਾਰੀਆਂ ਨੂੰ ਖ਼ਰੀਦਿਆ ਹੈ, ਜੋ ਇਕੱਲੇ ਦਮ ’ਤੇ ਟੀਮ ਨੂੰ ਚੈਂਪੀਅਨ ਬਣਾ ਸਕਦੇ ਹਨ।
ਮਿਸਟਰ 360 ਡਿਗਰੀ ਏਬੀ ਡਿਵਿਲੀਅਰਜ਼
ਕ੍ਰਿਕੇਟ ਦੀ ਦੁਨੀਆ ’ਚ ਮਿਸਟਰ 360 ਡਿਗਰੀ ਦੇ ਨਾਂਅ ਨਾਲ ਮਸ਼ਹੂਰ ਏਬੀ ਡਿਵਿਲੀਅਰਜ਼ ਇਸ ਟੀਮ ਦੇ ਸਭ ਤੋਂ ਮੇਨ ਖਿਡਾਰੀ ਹਨ। ਡਿਵਿਲੀਅਰਜ਼ ਦੀ ਪ੍ਰਤਿਭਾ ਬਾਰੇ ਸਭ ਜਾਣਦੇ ਹਨ। ਡਿਵਿਲੀਅਰਜ਼ ਦੇ ਨਾਂਅ ਇਸ ਲੀਗ ਵਿੱਚ ਸਭ ਤੋਂ ਵੱਧ ਸਟ੍ਰਾਈਕ ਰੇਟ ਨਾਲ 4,000 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ। ਆਈਪੀਐਲ 2020 ’ਚ ਏਬੀ ਨੇ 158.74 ਦੇ ਸਟ੍ਰਾਈਕ ਰੇਟ ਨਾਲ 454 ਦੌੜਾਂ ਬਣਾਈਆਂ ਸਨ। ਇਸ ਲੀਗ ਦੇ 169 ਮੈਚਾਂ ਵਿੱਚ ਉਨ੍ਹਾਂ ਦੇ ਨਾਂਅ 4,849 ਦੌੜਾਂ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 151.1 ਰਿਹਾ ਹੈ।
ਰਨ ਮਸ਼ੀਨ ਵਿਰਾਟ ਕੋਹਲੀ
ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਆਰਸੀਬੀ ਦੀ ਬੱਲੇਬਾਜ਼ੀ ਯੂਨਿਟ ਦੀ ਸਭ ਤੋਂ ਮਜ਼ਬੂਤ ਕੜੀ ਹਨ। ਕੋਹਲੀ ਨੇ ਇਸ ਲੀਗ ਦੇ 192 ਮੈਚਾਂ ’ਚ 130.73 ਦੇ ਸਟ੍ਰਾਈਕ ਰੇਟ ਨਾਲ 5,878 ਦੌੜਾਂ ਬਣਾਈਆਂ ਹਨ। ਇਸ ਲੀਗ ਦੇ ਇੱਕ ਸੀਜ਼ਨ ’ਚ ਸਭ ਤੋਂ ਵੱਧ ਸੈਂਕੜੇ ਲਾਉਣ ਦਾ ਰਿਕਾਰਡ ਵੀ ਕੋਹਲੀ ਦੇ ਹੀ ਨਾਂਅ ਹੈ। ਕੋਹਲੀ ਨੇ ਆਈਪੀਐੱਲ 2016 ’ਚ ਚਾਰ ਸੈਂਕੜੇ ਜੜੇ ਸਨ।
ਕਾਈਲ ਜੈਮੀਸਨ
ਨਿਊਜ਼ੀਲੈਂਡ ਦੇ ਲੰਮੇ ਕੱਦ ਵਾਲੇ ਫ਼ਾਸਟ ਬਾਓਲਰ ਕਾਈਲ ਜੈਮੀਸਨ ਨੂੰ ਆਈਪੀਐੱਲ 2021 ਦੀ ਨੀਲਾਮੀ ’ਚ ਰਾਇਲ ਚੈਲੇਂਜਰਜ਼ ਬੈਂਗਲੋਰ ਨੇ 15 ਕਰੋੜ ਰੁਪਏ ’ਚ ਖ਼ਰੀਦਿਆ ਸੀ। ਉਹ ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਵੱਧ ਕੀਮਤ ’ਚ ਵਿਕਣ ਵਾਲੇ ਤੀਜੇ ਵਿਦੇਸ਼ੀ ਖਿਡਾਰੀ ਹਨ। 6.6 ਫ਼ੁੱਟ ਲੰਮੇ ਜੈਮੀਸਨ ਨੇ ਨਿਊ ਜ਼ੀਲੈਂਡ ਲਈ ਛੇ ਟੈਸਟ, ਤਿੰਨ ਵਨਡੇ ਤੇ ਅੱਠ ਟੀ20 ਕੌਮਾਂਤਰੀ ਮੈਚ ਖੇਡੇ ਹਨ। ਟੈਸਟ ’ਚ ਉਨ੍ਹਾਂ ਦੇ ਨਾਂਅ 36, ਵਨਡੇ ’ਚ ਤਿੰਨ ਤੇ ਟੀ20 ਇੰਟਰਨੈਸ਼ਨਲ ’ਚ ਚਾਰ ਵਿਕੇਟਾਂ ਹਨ। ਜੈਮੀਸਨ ਦਾ ਆਈਪੀਐੱਲ 2021 ’ਚ ਡੈਬਿਯੂ ਕਰਨਾ ਤੈਅ ਹੈ।
ਲੈੱਗ ਸਪਿੰਨਰ ਯੁਜਵੇਂਦਰ ਚਹਿਲ
ਲਿਮਿਟੇਡ ਓਵਰ ਦੀ ਕ੍ਰਿਕੇਟ ਦੇ ਮਾਹਿਰ ਗੇਂਦਬਾਜ਼ ਯੁਜਵੇਂਦਰ ਚਹਿਲ ਲੰਮੇ ਸਮੇਂ ਤੋਂ ਆਰਸੀਬੀ ਦੀ ਟੀਮ ਦਾ ਅਹਿਮ ਹਿੱਸਾ ਹਨ। ਚਹਿਲ ਨੇ ਆਈਪੀਐੱਲ ਦੇ ਪਿਛਲੇ ਸੀਜ਼ਨ ਦੌਰਾਨ ਆਪਣੀ ਟੀਮ ਲਈ ਸਭ ਤੋਂ ਵੱਧ 21 ਵਿਕੇਟਾਂ ਲਈਆਂ ਸਨ। ਆਪਣੀ ਚੌਕਸ ਗੇਂਦਬਾਜ਼ੀ ਨਾਲ ਚਹਿਲ ਨੇ ਆਰਸੀਬੀ ਨੂੰ ਕਈ ਮੈਚ ਆਪਣੇ ਇਕੱਲੇ ਦੇ ਦਮ ਉੱਤੇ ਜਿਤਾਏ ਹਨ। ਚਹਿਲ ਦੇ ਨਾਂਅ ਇਸ ਲੀਗ ਦੇ 99 ਮੈਚਾਂ ਵਿੱਚ 121 ਵਿਕੇਟ ਹਨ।
ਡੈਨੀਅਲ ਕ੍ਰਿਸਚੀਅਨ
ਆਸਟ੍ਰੇਲੀਆ ਦੇ ਤਜਰਬੇਕਾਰ ਆਲਰਾਊਂਡਰ ਡੈਨੀਅਲ ਕ੍ਰਿਸਚੀਅਨ ਨੂੰ ਟੀ20 ਕ੍ਰਿਕੇਟ ਦਾ ਮਾਹਿਰ ਖਿਡਾਰੀ ਕਿਹਾ ਜਾਂਦਾ ਹੈ। ਆਰਸੀਬੀ ਨੇ ਡੈਨੀਅਲ ਕ੍ਰਿਸਚੀਅਨ ਨੂੰ ਆਈਪੀਐੰਲ 2021 ਦੀ ਨੀਲਾਮੀ ਵਿੱਚ 4.80 ਕਰੋੜ ਰੁਪਏ ’ਚ ਖ਼ਰੀਦਿਆ ਸੀ। ਕ੍ਰਿਸਚੀਅਨ ਦੇ ਨਾਂਅ ਟੀ20 ਕ੍ਰਿਕੇਟ ਦੇ 347 ਮੈਚਾਂ ਵਿੱਚ 5,171 ਦੌੜਾਂ ਤੇ 259 ਵਿਕੇਟਾਂ ਦਰਜ ਹਨ।