Arshdeep Singh: ਪੰਜਾਬ ਕਿੰਗਜ਼ (Punjab Kings) ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਨੇ ਇਸ ਸੀਜ਼ਨ 'ਚ ਆਪਣੀ ਗੇਂਦਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ। ਹੁਣ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਕੜੇ ਹਮੇਸ਼ਾ ਸਹੀ ਨਹੀਂ ਹੁੰਦੇ। ਅੰਕੜਿਆਂ ਦੇ ਆਧਾਰ 'ਤੇ ਖਿਡਾਰੀ ਨੂੰ ਪਰਖਿਆ ਨਹੀਂ ਜਾਣਾ ਚਾਹੀਦਾ। ਅਰਸ਼ਦੀਪ ਸਿੰਘ ਨੇ ਕਿਹਾ ਕਿ ਖ਼ਾਸ ਕਰ ਕਿਸੇ ਵੀ ਗੇਂਦਬਾਜ਼ ਨੂੰ ਅੰਕੜਿਆਂ ਤੋਂ ਪਰਖਣਾ ਕਿ ਵਧੀਆ ਗੇਂਦਬਾਜ਼ੀ ਕੀਤੀ ਹੈ ਜਾਂ ਨਹੀਂ, ਅਜਿਹਾ ਨਹੀਂ ਕਰਨਾ ਚਾਹੀਦਾ। ਅੰਕੜਿਆਂ ਦੀ ਬਜਾਏ ਤੁਹਾਨੂੰ ਫੀਲਡ 'ਤੇ ਆਪਣਾ 100 ਫ਼ੀਸਦੀ ਦੇਣਾ ਚਾਹੀਦਾ ਹੈ।


ਅਰਸ਼ਦੀਪ ਸਿੰਘ ਨੇ ਕਿਹਾ, "ਮੈਂ ਹਮੇਸ਼ਾ ਮੈਦਾਨ 'ਤੇ ਆਪਣਾ 100 ਫ਼ੀਸਦੀ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਮੈਚ ਦਾ ਨਤੀਜਾ ਖਿਡਾਰੀਆਂ ਦੇ ਹੱਥ 'ਚ ਨਹੀਂ ਹੈ, ਪਰ ਤੁਸੀਂ ਆਪਣਾ ਬੈਸਟ ਪ੍ਰਦਰਸ਼ਨ ਕਰ ਸਕਦੇ ਹੋ। ਆਈਪੀਐਲ ਦੌਰਾਨ ਵਿਰੋਧੀ ਬੱਲੇਬਾਜ਼ ਲਈ ਗੇਂਦਬਾਜ਼ਾਂ ਨਾਲ ਮੀਟਿੰਗ ਕਰਦੇ ਸਨ ਅਤੇ ਮੈਚ ਤੋਂ ਪਹਿਲਾਂ ਉਨ੍ਹਾਂ ਦੀ ਤਾਕਤ ਅਤੇ ਕਮਜ਼ੋਰੀਆਂ ਬਾਰੇ ਗੱਲ ਕਰਦੇ ਸੀ। ਆਪਣੇ ਆਪ ਨੂੰ ਪਿੱਚ ਦੇ ਮੁਤਾਬਕ ਢਾਲਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਆਪਣੀ ਰਣਨੀਤੀ ਨੂੰ ਵਿਕਟ ਦੇ ਹਿਸਾਬ ਨਾਲ ਢਾਲਦੇ ਹੋ ਤਾਂ ਇਸ ਨਾਲ ਤੁਹਾਨੂੰ ਮਦਦ ਮਿਲੇਗੀ।


ਅਰਸ਼ਦੀਪ ਸਿੰਘ ਨੂੰ ਪੰਜਾਬ ਕਿੰਗਜ਼ ਨੇ 4 ਕਰੋੜ 'ਚ ਕੀਤੀ ਸੀ ਰਿਟੇਨ


ਪੰਜਾਬ ਕਿੰਗਜ਼ ਨੇ ਮੈਗਾ ਨਿਲਾਮੀ ਤੋਂ ਪਹਿਲਾਂ ਅਰਸ਼ਦੀਪ ਸਿੰਘ ਨੂੰ 4 ਕਰੋੜ 'ਚ ਰਿਟੇਨ ਕੀਤਾ ਸੀ। ਇਸ ਨੌਜਵਾਨ ਗੇਂਦਬਾਜ਼ ਨੇ ਪੰਜਾਬ ਕਿੰਗਜ਼ ਦੇ ਭਰੋਸੇ 'ਤੇ ਸਹੀ ਉਤਰਦਿਆਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਰਸ਼ਦੀਪ ਸਿੰਘ ਨੇ ਇਸ ਸੀਜ਼ਨ 'ਚ ਦਿੱਗਜ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ। ਹਾਲਾਂਕਿ ਅਰਸ਼ਦੀਪ ਸਿੰਘ ਨੇ ਇਸ ਸੀਜ਼ਨ 'ਚ ਜ਼ਿਆਦਾ ਵਿਕਟਾਂ ਨਹੀਂ ਲਈਆਂ, ਪਰ ਉਸ ਨੇ ਆਪਣੀ ਇਕੋਨਾਮੀ ਨਾਲ ਕਾਫੀ ਪ੍ਰਭਾਵਿਤ ਕੀਤਾ। ਅਰਸ਼ਦੀਪ ਸਿੰਘ ਨੇ ਇਸ ਸੀਜ਼ਨ 'ਚ 14 ਮੈਚਾਂ ਵਿੱਚ 7.70 ਦੀ ਇਕੋਨਾਮੀ ਦਰ ਨਾਲ 10 ਵਿਕਟਾਂ ਲਈਆਂ। ਇਸ ਤੋਂ ਇਲਾਵਾ ਨਵੀਂ ਗੇਂਦ ਦੇ ਨਾਲ-ਨਾਲ ਡੈੱਥ ਓਵਰਾਂ 'ਚ ਆਪਣੀ ਵੇਰੀਏਸ਼ਨ ਨਾਲ ਕਾਫੀ ਪ੍ਰਭਾਵਿਤ ਕੀਤਾ।