CSK vs SRH : ਡਵੇਨ ਬ੍ਰਾਵੋ ਦੇ ਓਵਰ ਦੀ ਪਹਿਲੀ ਗੇਂਦ 'ਤੇ ਅਭਿਸ਼ੇਕ ਸ਼ਰਮਾ 75 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦਾ ਕੈਚ ਕ੍ਰਿਸ ਜੌਰਡਨ ਨੇ ਫੜਿਆ। ਅਭਿਸ਼ੇਕ ਸ਼ਰਮਾ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਨਿਕੋਲਸ ਪੂਰਨ ਨੇ ਚੌਕਾ ਲਗਾ ਕੇ ਖਾਤਾ ਖੋਲ੍ਹਿਆ। ਫਿਰ ਬ੍ਰਾਵੋ ਨੇ ਵਾਈਡ ਗੇਂਦ ਸੁੱਟੀ। ਓਵਰ ਦੀ ਚੌਥੀ ਗੇਂਦ 'ਤੇ ਰਾਹੁਲ ਤ੍ਰਿਪਾਠੀ ਨੇ ਚੌਕਾ ਜੜ ਕੇ ਹੈਦਰਾਬਾਦ ਨੂੰ ਟੀਚੇ ਤੱਕ ਪਹੁੰਚਾਇਆ। ਹੈਦਰਾਬਾਦ ਨੇ 155 ਦੌੜਾਂ ਦਾ ਟੀਚਾ 17.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਰਾਹੁਲ ਤ੍ਰਿਪਾਠੀ 15 ਗੇਂਦਾਂ 'ਤੇ 39 ਦੌੜਾਂ ਬਣਾ ਕੇ ਅਜੇਤੂ ਰਹੇ। ਚੇਨਈ ਲਈ ਮੁਕੇਸ਼ ਚੌਧਰੀ ਅਤੇ ਡਵੇਨ ਬ੍ਰਾਵੋ ਨੇ ਇਕ-ਇਕ ਵਿਕਟ ਲਈ। ਇਸ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਇਹ ਲਗਾਤਾਰ ਚੌਥੀ ਹਾਰ ਹੈ। ਜਦਕਿ ਹੈਦਰਾਬਾਦ ਦੀ ਇਹ ਪਹਿਲੀ ਜਿੱਤ ਹੈ।


ਟੀਚੇ ਦਾ ਪਿੱਛਾ ਕਰਨ ਉਤਰੀ ਸਨਰਾਈਜ਼ਰਜ਼ ਹੈਦਰਾਬਾਦ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਾਵਰਪਲੇ ਵਿਚ ਬਿਨਾਂ ਕੋਈ ਵਿਕਟ ਗੁਆਏ 37 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਇਸ ਦੌਰਾਨ ਅਭਿਸ਼ੇਕ ਨੇ IPL ਦਾ ਆਪਣਾ ਪਹਿਲਾ ਅਰਧ ਸੈਂਕੜਾ 32 ਗੇਂਦਾਂ 'ਚ ਲਗਾਇਆ। ਪਰ ਕਪਤਾਨ ਵਿਲੀਅਮਸਨ 40 ਗੇਂਦਾਂ ਵਿੱਚ ਦੋ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 32 ਦੌੜਾਂ ਬਣਾ ਕੇ ਮੁਕੇਸ਼ ਚੌਧਰੀ ਨੂੰ ਕੈਚ ਦੇ ਬੈਠਾ, ਜਿਸ ਨਾਲ ਉਸ ਅਤੇ ਅਭਿਸ਼ੇਕ ਵਿਚਾਲੇ 73 ਗੇਂਦਾਂ ਵਿੱਚ 83 ਦੌੜਾਂ ਦੀ ਸਾਂਝੇਦਾਰੀ ਵੀ ਖਤਮ ਹੋ ਗਈ।


ਇਸ ਦੇ ਨਾਲ ਹੀ ਹੈਦਰਾਬਾਦ ਨੇ 12.1 ਓਵਰਾਂ ਤੋਂ ਬਾਅਦ ਇਕ ਵਿਕਟ ਦੇ ਨੁਕਸਾਨ 'ਤੇ 89 ਦੌੜਾਂ ਬਣਾਈਆਂ। ਟੀਮ ਨੂੰ ਜਿੱਤ ਲਈ ਅਜੇ 66 ਦੌੜਾਂ ਦੀ ਲੋੜ ਸੀ। ਇਸ ਦੌਰਾਨ ਅਭਿਸ਼ੇਕ ਨੇ ਚੌਕਾ ਲਗਾ ਕੇ ਟੀਮ ਦਾ ਸਕੋਰ 100 ਤੋਂ ਪਾਰ ਪਹੁੰਚਾਇਆ। ਦੂਜੇ ਸਿਰੇ 'ਤੇ ਰਾਹੁਲ ਤ੍ਰਿਪਾਠੀ ਨੇ ਵੀ ਕੁਝ ਜ਼ਬਰਦਸਤ ਸ਼ਾਟ ਖੇਡੇ। ਪਰ ਜਿੱਤ ਤੋਂ 10 ਦੌੜਾਂ ਦੂਰ ਅਭਿਸ਼ੇਕ ਪੰਜ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 50 ਗੇਂਦਾਂ ਵਿੱਚ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਡੀਜੇ ਬ੍ਰਾਵੋ ਦੀ ਗੇਂਦ ’ਤੇ ਪੈਵੇਲੀਅਨ ਪਰਤ ਗਏ। ਉਨ੍ਹਾਂ ਅਤੇ ਤ੍ਰਿਪਾਠੀ ਵਿਚਾਲੇ 31 ਗੇਂਦਾਂ 'ਚ 51 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋ ਗਿਆ। ਇਸ ਤੋਂ ਬਾਅਦ ਤ੍ਰਿਪਾਠੀ (ਅਜੇਤੂ 39) ਨੇ ਚੌਕਾ ਲਗਾ ਕੇ ਟੀਮ ਨੂੰ ਸੈਸ਼ਨ ਦੀ ਪਹਿਲੀ ਜਿੱਤ ਦਿਵਾਈ। ਹੈਦਰਾਬਾਦ ਨੇ 17.4 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ।