Hardik Pandya Record: ਗੁਜਰਾਤ ਟਾਈਟੰਸ ਦੇ ਕਪਤਾਨ ਹਾਰਦਿਕ ਪਾਂਡਿਆ ਨੇ ਸੋਮਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਖੇਡੇ ਗਏ ਮੈਚ 'ਚ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਆਪਣੀ ਪਾਰੀ ਦੌਰਾਨ ਉਨ੍ਹਾਂ ਨੇ ਛੱਕਾ ਵੀ ਲਗਾਇਆ। ਇਸ ਦੇ ਨਾਲ ਹੀ IPL 'ਚ ਉਨ੍ਹਾਂ ਦੇ 100 ਛੱਕੇ ਪੂਰੇ ਹੋ ਗਏ। ਹਾਰਦਿਕ ਨੇ 1046 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਛੱਕਿਆਂ ਦਾ ਸੈਂਕੜਾ ਪੂਰਾ ਕੀਤਾ। ਉਹ ਆਈਪੀਐਲ ਵਿੱਚ ਭਾਰਤੀ ਖਿਡਾਰੀਆਂ ਵਿੱਚੋਂ ਸਭ ਤੋਂ ਘੱਟ ਗੇਂਦਾਂ ਖੇਡ ਕੇ 100 ਛੱਕੇ ਪੂਰੇ ਕਰਨ ਵਾਲਾ ਖਿਡਾਰੀ ਬਣ ਗਿਆ ਹੈ। ਹੁਣ ਤੱਕ ਇਹ ਰਿਕਾਰਡ ਰਿਸ਼ਭ ਪੰਤ ਦੇ ਨਾਂ ਸੀ। ਰਿਸ਼ਭ ਨੇ 1300 ਤੋਂ ਵੱਧ ਗੇਂਦਾਂ ਖੇਡ ਕੇ IPL ਵਿੱਚ 100 ਛੱਕੇ ਪੂਰੇ ਕੀਤੇ ਸੀ।
ਜੇਕਰ ਇਸ ਸੂਚੀ 'ਚ ਵਿਦੇਸ਼ੀ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਹਾਰਦਿਕ ਇਸ ਮਾਮਲੇ 'ਚ ਤੀਜੇ ਨੰਬਰ 'ਤੇ ਆਉਂਦੇ ਹਨ। ਆਂਦਰੇ ਰਸਲ ਪਹਿਲੇ ਨੰਬਰ 'ਤੇ ਅਤੇ ਕ੍ਰਿਸ ਗੇਲ ਦੂਜੇ ਨੰਬਰ 'ਤੇ ਹਨ। ਕੀਰੋਨ ਪੋਲਾਰਡ ਤੇ ਗਲੇਨ ਮੈਕਸਵੈੱਲ ਵੀ ਆਈਪੀਐਲ ਦੇ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਚੋਟੀ ਦੇ-5 ਖਿਡਾਰੀਆਂ ਵਿੱਚ ਸ਼ਾਮਲ ਹਨ। ਰਿਸ਼ਭ ਪੰਤ ਛੇਵੇਂ ਸਥਾਨ 'ਤੇ ਹਨ। ਪਾਂਡਿਆ ਨੇ ਆਈਪੀਐਲ ਵਿੱਚ ਇਹ ਖਾਸ ਰਿਕਾਰਡ ਪਾਰੀ ਦੇ ਨੌਵੇਂ ਓਵਰ ਵਿੱਚ ਹਾਸਲ ਕੀਤਾ। ਉਸ ਨੇ ਏਡਨ ਮਾਰਕਰਮ ਦੀ ਗੇਂਦ ਨੂੰ ਸਿੱਧਾ ਮਿਡਵਿਕਟ ਸੀਮਾ ਤੋਂ ਬਾਹਰ ਭੇਜ ਕੇ ਇਹ ਅੰਕੜਾ ਹਾਸਲ ਕੀਤਾ।
ਦੱਸ ਦਈਏ ਕਿ ਇਸ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। SRH ਦੇ ਗੇਂਦਬਾਜ਼ਾਂ ਨੇ ਗੁਜਰਾਤ ਖਿਲਾਫ ਸਖਤ ਗੇਂਦਬਾਜ਼ੀ ਕਰਦੇ ਹੋਏ ਨਿਯਮਤ ਅੰਤਰਾਲ 'ਤੇ ਵਿਕਟਾਂ ਲਈਆਂ। ਗੁਜਰਾਤ ਵੱਲੋਂ ਇਸ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਸਿਰਫ਼ ਹਾਰਦਿਕ ਪਾਂਡਿਆ (50) ਤੇ ਅਭਿਨਵ ਮਨੋਹਰ (35) ਹੀ ਟਿਕ ਸਕੇ। ਨਤੀਜਾ ਇਹ ਨਿਕਲਿਆ ਕਿ ਗੁਜਰਾਤ ਦੀ ਟੀਮ ਨਿਰਧਾਰਤ ਓਵਰਾਂ ਵਿੱਚ ਸਿਰਫ਼ 162 ਦੌੜਾਂ ਹੀ ਬਣਾ ਸਕੀ।
ਇਸ ਦੇ ਜਵਾਬ ਵਿੱਚ SRH ਨੇ ਬਹੁਤ ਸਾਵਧਾਨੀ ਨਾਲ ਬੱਲੇਬਾਜ਼ੀ ਕੀਤੀ ਤੇ ਪਹਿਲੀ ਵਿਕਟ ਲਈ 64 ਤੇ ਦੂਜੇ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਨੂੰ ਆਸਾਨ ਬਣਾ ਦਿੱਤਾ। ਅਭਿਸ਼ੇਕ ਸ਼ਰਮਾ (42) ਤੇ ਕੇਨ ਵਿਲੀਅਮਸਨ (57) ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਅੰਤ ਵਿੱਚ, ਨਿਕੋਲਸ ਪੂਰਨ (34) ਤੇ ਏਡਨ ਮਾਰਕਰਮ (12) ਨੇ ਅਜੇਤੂ ਰਹੇ SRH ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ।