IPL-2022: ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੀਜ਼ਨ (IPL-2022) 'ਚ ਮੁੰਬਈ ਇੰਡੀਅਨਜ਼ ਨੂੰ ਸ਼ਨੀਵਾਰ ਲਗਾਤਾਰ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਕਪਤਾਨ ਰੋਹਿਤ ਸ਼ਰਮਾ ਇਸ ਤੋਂ ਕਾਫੀ ਨਿਰਾਸ਼ ਨਜ਼ਰ ਆਏ। ਰੋਹਿਤ ਸ਼ਰਮਾ ਨੇ ਟੀਮ ਦੀ ਹਾਰ ਦੀ 'ਪੂਰੀ ਜ਼ਿੰਮੇਵਾਰੀ' ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਟੀਮ ਨੂੰ ਲੀਹ 'ਤੇ ਲਿਆਉਣ ਲਈ ਕੀ ਸੁਧਾਰ ਕਰਨ? ਰੋਹਿਤ ਖੁਦ ਵੀ ਲੈਅ 'ਚ ਨਹੀਂ ਤੇ ਟੂਰਨਾਮੈਂਟ 'ਚ ਹੁਣ ਤੱਕ ਉਨ੍ਹਾਂ ਨੇ 6 ਮੈਚਾਂ 'ਚ ਸਿਰਫ਼ 141 ਦੌੜਾਂ ਹੀ ਬਣਾਈਆਂ ਹਨ, ਜਿਸ 'ਚ ਸਰਵੋਤਮ ਸਕੋਰ 41 ਦੌੜਾਂ ਹਨ।



ਮੈਨ ਆਫ਼ ਦੀ ਮੈਚ ਤੇ ਕਪਤਾਨ ਕੇਐਲ ਰਾਹੁਲ (103 ਅਜੇਤੂ) ਦੇ ਸੈਂਕੜੇ ਦੀ ਬਦੌਲਤ ਲਖਨਊ ਨੇ ਮੁੰਬਈ ਦੇ ਸਾਹਮਣੇ 200 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ 'ਚ ਮੁੰਬਈ ਦੀ ਟੀਮ ਲਗਾਤਾਰ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਹੀ ਬਣਾ ਸਕੀ ਤੇ 18 ਦੌੜਾਂ ਨਾਲ ਮੈਚ ਹਾਰ ਗਈ। ਲੀਗ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ, ਜਦੋਂ ਮੁੰਬਈ ਦੀ ਟੀਮ ਨੂੰ ਲਗਾਤਾਰ 6 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਰੋਹਿਤ ਸ਼ਰਮਾ ਨੇ ਸ਼ਨੀਵਾਰ ਨੂੰ ਗੁਜਰਾਤ ਸੁਪਰ ਜਾਇੰਟਸ ਤੋਂ 18 ਦੌੜਾਂ ਦੀ ਹਾਰ ਤੋਂ ਬਾਅਦ ਕਿਹਾ, "ਜੇ ਮੈਨੂੰ ਪਤਾ ਹੁੰਦਾ ਕਿ ਕੀ ਗਲਤ ਹੋ ਰਿਹਾ ਹੈ ਤਾਂ ਮੈਂ ਇਸ ਨੂੰ ਠੀਕ ਕਰ ਲੈਂਦਾ, ਪਰ ਇਹ ਸਿਲਸਿਲਾ ਖ਼ਤਮ ਨਹੀਂ ਹੋ ਰਿਹਾ ਹੈ। ਮੈਂ ਹਰ ਮੈਚ ਲਈ ਜਿਸ ਤਰ੍ਹਾਂ ਦੀ ਤਿਆਰੀ ਕਰਦਾ ਹਾਂ, ਹੁਣ ਵੀ ਮੈਂ ਉਹੀ ਕਰ ਰਿਹਾ ਹਾਂ, ਉਸ 'ਚ ਕੁਝ ਵੀ ਵੱਖਰਾ ਨਹੀਂ ਹੈ।"

ਕਪਤਾਨ ਨੇ ਕਿਹਾ, "ਮੈਂ ਟੀਮ ਨੂੰ ਉਸ ਸਥਿਤੀ 'ਚ ਨਹੀਂ ਪਹੁੰਚਣ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ, ਜਿਸ ਦੀ ਮੇਰੇ ਤੋਂ ਉਮੀਦ ਕੀਤੀ ਜਾਂਦੀ ਹੈ। ਮੈਂ ਮੈਦਾਨ 'ਤੇ ਜਾ ਕੇ ਖੇਡ ਦਾ ਉਸੇ ਤਰ੍ਹਾਂ ਆਨੰਦ ਲੈਣਾ ਚਾਹੁੰਦਾ ਹਾਂ, ਜਿਸ ਤਰ੍ਹਾਂ ਮੈਂ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹਾਂ। ਆਉਣ ਵਾਲੇ ਮੈਚਾਂ ਬਾਰੇ ਸੋਚਣਾ ਜ਼ਰੂਰੀ ਹੈ। ਇਸ ਨਾਲ (ਹਾਰ) ਦੁਨੀਆਂ ਖ਼ਤਮ ਨਹੀਂ ਹੁੰਦੀ ਹੈ। ਅਸੀਂ ਵਾਪਸੀ ਦੀ ਕੋਸ਼ਿਸ਼ ਕਰਾਂਗੇ।"

ਰੋਹਿਤ ਨੇ ਜਸਪ੍ਰੀਤ ਬੁਮਰਾਹ ਤੋਂ ਗੇਂਦਬਾਜ਼ੀ ਦੀ ਸ਼ੁਰੂਆਤ ਨਾ ਕਰਵਾਉਣ ਦੇ ਫ਼ੈਸਲੇ ਦੇ ਬਚਾਅ ਕੀਤਾ। ਉਨ੍ਹਾਂ ਨੇ ਦੂਜੇ ਗੇਂਦਬਾਜ਼ਾਂ ਤੋਂ ਪ੍ਰਦਰਸ਼ਨ 'ਚ ਸੁਧਾਰ ਦੀ ਉਮੀਦ ਜਤਾਈ। ਉਨ੍ਹਾਂ ਕਿਹਾ, "ਉਨ੍ਹਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਪਰ ਦੂਜਿਆਂ ਨੂੰ ਆਪਣਾ ਪੱਧਰ ਥੋੜ੍ਹਾ ਉੱਚਾ ਚੁੱਕਣ ਦੀ ਲੋੜ ਹੈ। ਅਸੀਂ ਹਰ ਮੈਚ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਲਗਾਤਾਰ 6 ਮੈਚ ਹਾਰੇ ਹਾਂ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਲਈ ਸਹੀ ਟੀਮ ਕੰਬੀਨੇਸ਼ਨ ਕੀ ਹੈ, ਪਰ ਇਹ ਸਭ ਵਿਰੋਧੀ ਟੀਮ 'ਤੇ ਨਿਰਭਰ ਕਰਦਾ ਹੈ।"