Sourav Ganguly on Virat : ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਅਦ ਵਿਰਾਟ ਕੋਹਲੀ ਇਸ ਸਾਲ ਵੀ IPL 'ਚ ਦੌੜਾਂ ਨਹੀਂ ਬਣਾ ਸਕੇ ਹਨ। ਆਈਪੀਐਲ ਦੇ ਇਸ ਸੀਜ਼ਨ 'ਚ ਹੁਣ ਤਕ ਉਹ 9 ਮੈਚਾਂ 'ਚ ਸਿਰਫ਼ 16 ਦੌੜਾਂ ਦੀ ਔਸਤ ਨਾਲ 128 ਦੌੜਾਂ ਹੀ ਬਣਾ ਸਕਿਆ ਹੈ। ਇਸ ਦੌਰਾਨ ਉਸ ਦਾ ਸਟਰਾਈਕ ਰੇਟ ਵੀ 119.62 ਤਕ ਸੀਮਤ ਹੋ ਗਿਆ ਹੈ।



ਇਸ ਸੀਜ਼ਨ 'ਚ ਉਹ ਲਗਾਤਾਰ ਦੋ ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਪਿਛਲੀਆਂ ਪੰਜ ਪਾਰੀਆਂ 'ਚ ਉਸਦਾ ਸਕੋਰ 1, 12, 0, 0 ਅਤੇ 9 ਰਿਹਾ ਹੈ। ਪਿਛਲੇ ਮੈਚ ਵਿਚ ਉਸ ਨੇ ਜੋ 9 ਦੌੜਾਂ ਬਣਾਈਆਂ ਸਨ। ਉਸ ਵਿਚ ਵੀ ਉਹ ਗੇਂਦ ਨਾਲ ਬੱਲੇ ਨੂੰ ਛੂਹ ਨਹੀਂ ਸਕਿਆ ਸੀ। ਉਸ ਨੂੰ 9 ਦੌੜਾਂ ਬਣਾਉਣ ਲਈ 10 ਗੇਂਦਾਂ ਦਾ ਸਮਾਂ ਲੱਗਾ ਤੇ ਇਸ ਵਿਚ ਵੀ ਉਹ 3 ਵਾਰ ਆਊਟ ਹੋਣ ਤੋਂ ਬਚਿਆ। ਕੁੱਲ ਮਿਲਾ ਕੇ ਵਿਰਾਟ ਆਪਣੇ ਕਰੀਅਰ ਦੇ ਸਭ ਤੋਂ ਖਰਾਬ ਦੌਰ 'ਚੋਂ ਗੁਜ਼ਰ ਰਹੇ ਹਨ।

ਸੁਨੀਲ ਗਾਵਸਕਰ ਤੋਂ ਲੈ ਕੇ ਰਵੀ ਸ਼ਾਸਤਰੀ ਅਤੇ ਯੁਵਰਾਜ ਸਿੰਘ ਤਕ ਕਈ ਸਾਬਕਾ ਖਿਡਾਰੀ ਅਤੇ ਕ੍ਰਿਕਟ ਮਾਹਿਰ ਵਿਰਾਟ ਕੋਹਲੀ ਦੀ ਖਰਾਬ ਫਾਰਮ ਬਾਰੇ ਬੋਲ ਚੁੱਕੇ ਹਨ। ਹੁਣ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਵੀ ਇਸ ਸੂਚੀ 'ਚ ਸ਼ਾਮਲ ਹੋ ਗਏ ਹਨ। ਵਿਰਾਟ ਦੇ ਦੌੜਾਂ ਬਣਾਉਣ 'ਚ ਨਾਕਾਮ ਰਹਿਣ 'ਤੇ ਉਨ੍ਹਾਂ ਨੇ ਕਿਹਾ, 'ਮੈਨੂੰ ਨਹੀਂ ਪਤਾ ਵਿਰਾਟ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ। ਪਰ ਮੈਨੂੰ ਯਕੀਨ ਹੈ ਕਿ ਉਹ ਆਪਣੀ ਗਤੀ ਮੁੜ ਹਾਸਲ ਕਰੇਗਾ ਤੇ ਚੰਗੀਆਂ ਦੌੜਾਂ ਬਣਾਵੇਗਾ। ਉਹ ਇਕ ਮਹਾਨ ਖਿਡਾਰੀ ਹੈ।

ਇਸ ਨਾਲ ਹੀ ਗਾਂਗੁਲੀ ਨੇ ਰੋਹਿਤ ਸ਼ਰਮਾ 'ਤੇ ਵੀ ਬੋਲਿਆ। ਰੋਹਿਤ ਸ਼ਰਮਾ ਵੀ ਇਸ IPL ਦੇ 8 ਮੈਚਾਂ 'ਚ ਸਿਰਫ 19.13 ਦੀ ਔਸਤ ਨਾਲ 153 ਦੌੜਾਂ ਬਣਾਉਣ 'ਚ ਕਾਮਯਾਬ ਰਹੇ ਹਨ। ਰੋਹਿਤ ਦਾ ਸਟ੍ਰਾਈਕ ਰੇਟ ਵੀ 126.44 ਤਕ ਸੀਮਤ ਹੋ ਗਿਆ ਹੈ। ਗਾਂਗੁਲੀ ਨੇ ਇਨ੍ਹਾਂ ਦੋ ਦਿੱਗਜਾਂ ਦੀ ਖਰਾਬ ਫਾਰਮ 'ਤੇ ਕਿਹਾ, 'ਉਹ (ਰੋਹਿਤ ਅਤੇ ਵਿਰਾਟ) ਮਹਾਨ ਖਿਡਾਰੀ ਹਨ ਤੇ ਮੈਨੂੰ ਯਕੀਨ ਹੈ ਕਿ ਇਹ ਦੋਵੇਂ ਆਪਣੀ ਲੈਅ ਜ਼ਰੂਰ ਲੱਭ ਲੈਣਗੇ। ਉਮੀਦ ਹੈ ਕਿ ਜਲਦੀ ਹੀ ਉਸ ਦੇ ਬੱਲੇ ਤੋਂ ਦੌੜਾਂ ਆਉਣਗੀਆਂ।